
ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਅਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਅਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਘੋਸ਼ਣਾ ਪੱਤਰ ਵਿਚ ਆਪ ਨੇ ਐਲਾਨ ਕੀਤਾ ਹੈ ਕਿ ਅਗਲੇ ਪੰਜ ਸਾਲਾਂ ਵਿਚ ਦਿੱਲੀ ਵਾਸੀਆਂ ਦੇ ਘਰ-ਘਰ ਰਾਸ਼ਣ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਪ ਦਾ ਦ੍ਰਿਸ਼ਟੀਕੌਣ ਹਰ ਪਰਿਵਾਰ ਨੂੰ ਖੁਸ਼ਹਾਲ ਬਣਾਉਣਾ ਹੈ।ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਚੰਗੀ ਸਿੱਖਿਆ, ਚੰਗੀ ਸਿਹਤ, ਸਾਫ ਪਾਣੀ ਅਤੇ 24 ਘੰਟੇ ਬਿਜਲੀ ਦੀ ਗਰੰਟੀ ਦਿੱਤੀ ਹੈ।
9ਵੀਂ ਦੀਆਂ ਵਿਦਿਆਰਥਣਾਂ ਨੂੰ ਸਾਇਕਲ, ਰੇਹੜੀ ਵਾਲਿਆਂ ਨੂੰ ਕਾਨੂੰਨੀ ਸੁਰੱਖਿਆ ਦੇਣ ਦਾ ਵਾਅਦਾ ਕੀਤਾ ਗਿਆ ਹੈ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਸਕੂਲਾਂ ਵਿਚ ਸ਼ੁਰੂ ਕੀਤੀ ਗਈ ਹੈਪੀਨੇਸ ਕਰਿਕੁਲਮ ਅਤੇ ਐਂਟਰਪ੍ਰਿਨਿਓਰਸ਼ਿਪ ਕਰਿਕੁਲਮ ਦੀ ਸਫਲਤਾ ਤੋਂ ਬਾਅਦ ਦੇਸ਼ ਭਗਤੀ ਕੋਰਸ ਨੂੰ ਵੀ ਸਕੂਲਾਂ ਵਿਚ ਪੜ੍ਹਾਇਆ ਜਾਵੇਗਾ।
ਇਸ ਦੇ ਨਾਲ ਹੀ ਦੱਸ ਲੱਖ ਸੀਨੀਅਰ ਨਾਗਰਿਕਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਾਉਣ ਦਾ ਵਾਅਦਾ ਕੀਤਾ ਗਿਆ। ਉੱਥੇ ਹੀ ਮੈਨੀਫੈਸਟੋ ਵਿਚ ਸਵਰਾਜ ਬਿੱਲ ਅਤੇ ਜਨਲੋਕਪਾਲ ਬਿੱਲ ਲਿਆਉਣ ਦਾ ਵਾਅਦਾ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਭਾਜਪਾ ‘ਤੇ ਕਈ ਹਮਲੇ ਕੀਤੇ।
ਆਮ ਆਦਮੀ ਪਾਰਟੀ ਦੇ ਘੋਸ਼ਣਾ ਪੱਤਰ ਵਿਚ ਕੁੱਲ਼ 28 ਵਾਅਦੇ ਕੀਤੇ ਗਏ ਹਨ। ਇਹਨਾਂ ਵਿਚ ਕੁਝ ਵਾਅਦੇ ਇਸ ਪ੍ਰਕਾਰ ਹਨ-
- ਦਿੱਲੀ ਜਨ ਲੋਕਪਾਲ ਬਿੱਲ
- ਦਿੱਲੀ ਸਵਰਾਜ ਬਿੱਲ
- ਰਾਸ਼ਨ ਦੀ ਘਰ-ਘਰ ਡਿਲੀਵਰੀ
- 10 ਲੱਖ ਬਜ਼ੁਰਗਾਂ ਨੂੰ ਤੀਰਥ ਯਾਤਰਾ
- ਦੇਸ਼ ਭਗਤੀ ਦਾ ਪਾਠ
- ਨੌਜਵਾਨਾਂ ਲਈ ਇੰਗਲਿਸ਼ ਸਪੀਕਿੰਗ ਵਿਚ ਵਾਧਾ
- ਮੈਟਰੋ ਨੈੱਟਵਰਕ ਵਿਚ ਵਾਧਾ
- ਯਮੁਨਾ ਨਦੀਂ ਦਾ ਵਿਕਾਸ
- ਵਰਲਡ ਕਲਾਸ ਸੜਕਾਂ
- ਨਵੇਂ ਸਫਾਈ ਕਰਮਚਾਰੀਆਂ ਦੀ ਨਿਯੁਕਤੀ
- ਰੇਡ (Raid) ਰਾਜ ਖਤਮ ਕਰਨਾ
- ਸੀਲਿੰਗ ਤੋਂ ਸੁਰੱਖਿਆ
- ਬਜ਼ਾਰ ਅਤੇ ਉਦਯੋਗਿਕ ਖੇਤਰਾਂ ਦਾ ਵਿਕਾਸ
- ਅਰਥ ਵਿਵਸਥਾ ਵਿਚ ਔਰਤਾਂ ਦੀ ਹਿੱਸੇਦਾਰੀ ਵਿਚ ਵਾਧਾ
- ਦਿੱਲੀ ਵਿਚ 24*7 ਬਜ਼ਾਰ
- ‘84 ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼
- ਫਸਲ ਨੁਕਸਾਨ ‘ਤੇ ਕਿਸਾਨਾਂ ਲਈ ਮੁਆਵਜ਼ਾ