
ਪਤੀ ਦੇ ਭਤੀਜੇ ’ਤੇ ਬਲਾਤਕਾਰ ਦਾ ਝੂਠਾ ਮੁਕੱਦਮਾ ਕਰਵਾਇਆ ਸੀ ਦਰਜ
ਨਵੀਂ ਦਿੱਲੀ: ਦਿੱਲੀ ਦੇ ਸਦਰ ਬਾਜ਼ਾਰ ਇਲਾਕੇ ਵਿਚ ਇਕ ਮਹਿਲਾ ਵਲੋਂ ਪਤੀ ਦੇ ਭਤੀਜੇ ’ਤੇ ਬਲਾਤਕਾਰ ਦਾ ਝੂਠਾ ਮੁਕੱਦਮਾ ਦਰਜ ਕਰਵਾ ਦਿਤਾ ਗਿਆ। ਹਾਲਾਂਕਿ, ਪੁਲਿਸ ਜਾਂਚ ਵਿਚ ਮਾਮਲਾ ਝੂਠਾ ਸਾਬਤ ਹੋਣ ਤੋਂ ਬਾਅਦ ਮਹਿਲਾ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਬੀਤੇ ਸਾਲ ਅਗਸਤ ਵਿਚ ਸਦਰ ਬਾਜ਼ਾਰ ਥਾਣੇ ਵਿਚ 27 ਸਾਲਾਂ ਮਹਿਲਾ ਨੇ ਪਤੀ ਦੇ ਭਤੀਜੇ ਉਤੇ ਬਲਾਤਕਾਰ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ।
ਇਸ ਮਾਮਲੇ ਵਿਚ ਦੋਸ਼ੀ ਨੌਜਵਾਨ ਦੀ ਗ੍ਰਿਫਤਾਰੀ ਵੀ ਹੋਈ, ਪ੍ਰੰਤੂ ਕੁਝ ਸਮਾਂ ਜੇਲ੍ਹ ਵਿਚ ਰਹਿਣ ਮਗਰੋਂ ਉਹ ਜ਼ਮਾਨਤ ਉਤੇ ਬਾਹਰ ਆ ਗਿਆ। ਉਥੇ, ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਮਹਿਲਾ ਦੇ ਮੁਲਜ਼ਮ ਨੌਜਵਾਨ ਨਾਲ ਕਾਫ਼ੀ ਸਮੇਂ ਤੋਂ ਸਬੰਧ ਸਨ। ਉਹ ਨੌਜਵਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਇਸ ਲਈ ਜਦੋਂ ਨੌਜਵਾਨ ਦਾ ਵਿਆਹ ਕਿਤੇ ਹੋਰ ਤੈਅ ਹੋ ਗਿਆ ਤਾਂ ਉਸ ਨੇ ਉਸ ਦੇ ਵਿਰੁਧ ਬਲਾਤਕਾਰ ਦਾ ਦਾ ਝੂਠਾ ਮਾਮਲਾ ਦਰਜ ਕਰਵਾ ਦਿਤਾ।
ਇਸ ਤੋਂ ਬਾਅਦ ਮਹਿਲਾ ਨੇ ਸਟੈਂਪ ਪੇਪਰ ਉਤੇ ਨੌਜਵਾਨ ਨਾਲ ਵਿਆਹ ਕਰਨ ਦਾ ਸਮਝੌਤਾ ਕੀਤਾ। ਇਸ ਤੋਂ ਬਾਅਦ ਨੌਜਵਾਨ ਜ਼ਮਾਨਤ ਉਤੇ ਰਿਹਾਅ ਹੋ ਗਿਆ। ਫਿਰ ਮਹਿਲਾ ਨੇ ਅਪਣੇ ਪਤੀ ਤੋਂ ਤਲਾਕ ਲੈ ਲਿਆ ਅਤੇ ਨੌਜਵਾਨ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿਣ ਲੱਗੀ। ਇਸ ਦੀ ਜਾਣਕਾਰੀ ਹੋਣ ਤੋਂ ਬਾਅਦ ਪੁਲਿਸ ਨੇ ਸੋਮਵਾਰ ਨੂੰ ਝੂਠਾ ਮੁਕੱਦਮਾ ਦਰਜ ਕਰਵਾਉਣ ਦੇ ਦੋਸ਼ ਵਿਚ ਮਹਿਲਾ ਵਿਰੁਧ ਕੇਸ ਦਰਜ ਕਰ ਲਿਆ।