
ਤਾਜ਼ਾ ਚੋਣਾਂ ਵਿਚ ਈਵੀਐਮ ਮਸ਼ੀਨਾਂ ਅਤੇ ਵੀਵੀਪੈਟ ਦਾ ਮੁੱਦਾ ਚੁੱਕਣ ਵਾਲੀ ਕਾਂਗਰਸ ਨੇ ਹੁਣ ਮੱਧ ਪ੍ਰਦੇਸ਼ ਵਿਚ ਫ਼ਰਜ਼ੀ ਵੋਟਰ ਹੋਣ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਮੱਧ...
ਨਵੀਂ ਦਿੱਲੀ : ਤਾਜ਼ਾ ਚੋਣਾਂ ਵਿਚ ਈਵੀਐਮ ਮਸ਼ੀਨਾਂ ਅਤੇ ਵੀਵੀਪੈਟ ਦਾ ਮੁੱਦਾ ਚੁੱਕਣ ਵਾਲੀ ਕਾਂਗਰਸ ਨੇ ਹੁਣ ਮੱਧ ਪ੍ਰਦੇਸ਼ ਵਿਚ ਫ਼ਰਜ਼ੀ ਵੋਟਰ ਹੋਣ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਮੱਧ ਪ੍ਰਦੇਸ਼ ਦੀ ਵੋਟਰ ਸੂਚੀ ਵਿਚ ਗੜਬੜ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸੂਬੇ ਵਿਚ 60 ਲੱਖ ਫ਼ਰਜ਼ੀ ਵੋਟਰ ਹਨ। ਕਾਂਗਰਸ ਨੇ ਇਸ ਸਬੰਧ ਵਿਚ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ। ਪਾਰਟੀ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਇਹ ਦਾਅਵਾ ਕੀਤਾ ਅਤੇ ਸਬੂਤ ਪੇਸ਼ ਕੀਤੇ ਹਨ।
Kamal Nath
ਮੱਧ ਪ੍ਰਦੇਸ਼ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਮੈਂਬਰ ਕਮਲਨਾਥ ਅਤੇ ਜਯੋਤੀਰਦਿਤਿਆ ਸਿੰਧੀਆ ਨੇ ਇਥੇ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਸੂਬੇ ਵਿਚ 60 ਲੱਖ ਫ਼ਰਜ਼ੀ ਵੋਟਰ ਹਨ। ਕਮਲਨਾਥ ਨੇ ਕਿਹਾ ਕਿ ਉਨ੍ਹਾਂ 100 ਵਿਧਾਨ ਸਭਾ ਖੇਤਰਾਂ ਦੀ ਪੜਤਾਲ ਕਰਵਾਈ ਹੈ ਜਿਥੇ 60 ਲੱਖ ਫ਼ਰਜ਼ੀ ਵੋਟਰਾਂ ਦੀ ਸੂਚੀ ਦਾ ਪਤਾ ਲੱਗਾ ਹੈ। ਕਮਲਨਾਥ ਨੇ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ਵਿਚ ਮੱਧ ਪ੍ਰਦੇਸ਼ ਦੀ ਆਬਾਦੀ 24 ਫ਼ੀ ਸਦੀ ਵਘੀ ਹੈ ਪਰ ਵੋਟਰਾਂ ਦੀ ਗਿਣਤੀ ਵਿਚ 40 ਫ਼ੀ ਸਦੀ ਵਾਧਾ ਹੋਇਆ ਹੈ।
MP Congress
ਉਨ੍ਹਾਂ ਕਿਹਾ ਕਿ ਜਾਣ-ਬੁੱਝ ਕੇ ਫ਼ਰਜ਼ੀ ਵੋਟਰ ਲਿਸਟਾਂ ਬਣਾਈਆਂ ਗਈਆਂ ਹਨ ਤਾਕਿ ਚੋਣਾਂ ਵਿਚ ਭਾਜਪਾ ਨੂੰ ਫ਼ਾਇਦਾ ਮਿਲ ਸਕੇ। ਕਮਲਨਾਥ ਦੀ ਅਗਵਾਈ ਵਿਚ ਕਾਂਗਰਸੀ ਵਫ਼ਦ ਨੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸ਼ਿਕਾਇਤ ਪੱਤਰ ਦਿਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਯੂਪੀ ਨਾਲ ਜੁੜੇ ਖੇਤਰਾਂ ਵਿਚ ਕਈ ਅਜਿਹੇ ਲੋਕ ਹਨ ਜਿਨ੍ਹਾਂ ਦੇ ਨਾਮ ਦੋਹਾਂ ਰਾਜਾਂ ਦੀ ਵੋਟਰ ਲਿਸਟ ਵਿਚ ਹਨ।
Voter card
ਕਈ ਲੋਕਾਂ ਦੇ ਨਾਮ ਕਈ ਹੋਰ ਸੂਚੀਆਂ ਵਿਚ ਵੀ ਹਨ। ਕਮਲਨਾਥ ਨੇ ਕਿਹਾ ਕਿ ਉਨ੍ਹਾਂ ਨਵੀਂ ਵੋਟਰ ਲਿਸਟ ਬਣਾਉਣ ਦੀ ਮੰਗ ਕੀਤੀ ਹੈ। ਸੂਬੇ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਛੇਤੀ ਹੀ ਇਥੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਧਰ, ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। (ਏਜੰਸੀ)