
ਫੋਨ ਕਰਨ ਵਾਲੇ ਨੇ ਖੁਦ ਨੂੰ ਦਸਿਆ ਸੀ ਕਾਲਾ ਜਠੇੜੀ ਦਾ ਭਤੀਜਾ
ਗੁਰੂਗ੍ਰਾਮ: ਹਰਿਆਣਾ ਦੀ ਗੁਰੂਗ੍ਰਾਮ ਪੁਲਿਸ ਨੇ ਹਰਿਆਣਵੀ ਗਾਇਕ ਮਨੋਜ ਗੁਰੂ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ। ਉਸ ਨੇ ਮਿਊਜ਼ਿਕ ਕੰਪਨੀ ਨਾਲ ਕਰਾਰ ਤੋੜਨ ਲਈ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਸੀ। ਗਾਇਕ ਨੇ ਮਸ਼ਹੂਰ ਗੈਂਗਸਟਰ ਕਾਲਾ ਜਠੇੜੀ ਦੇ ਨਾਂਅ 'ਤੇ ਕੰਪਨੀ ਡਾਇਰੈਕਟਰ ਨੂੰ ਧਮਕੀ ਦਿਤੀ ਸੀ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਕੁੱਝ ਡੱਬੇ; ਟਰੈਕ ਵਿਛਾਉਣ ਦਾ ਚੱਲ ਰਿਹਾ ਸੀ ਕੰਮ
ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦਸਿਆ ਕਿ ਜੈਮ ਟਿਊਨਸ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੇ ਸੈਕਟਰ-37 ਥਾਣੇ ਵਿਚ ਸ਼ਿਕਾਇਤ ਦਿਤੀ ਸੀ। ਜਿਸ ਵਿਚ ਉਸ ਨੇ ਦਸਿਆ ਕਿ 17 ਸਤੰਬਰ ਨੂੰ ਇਕ ਨੌਜਵਾਨ ਨੇ ਉਸ ਨੂੰ ਫੋਨ ਕੀਤਾ। ਫੋਨ ਕਰਨ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਕਾਲਾ ਜਠੇੜੀ ਦਾ ਭਤੀਜਾ ਦਸਿਆ ਸੀ। ਉਸ ਨੇ ਗੁਰੂ ਹਰਿਆਣਵੀ ਨਾਲ ਕਰਾਰ ਨਾ ਤੋੜਨ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਗੁਰੂਗ੍ਰਾਮ ਦੇ ਸੈਕਟਰ-37 ਨੇੜੇ ਇੰਡੀਅਨ ਗੈਸ ਗੋਦਾਮ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦੀਪਕ ਉਰਫ਼ ਕੱਚਾ ਵਾਸੀ ਪਿੰਡ ਜਠੇੜੀ, ਸੋਨੀਪਤ ਅਤੇ ਮਨੋਜ ਉਰਫ਼ ਗੁਰੂ ਵਾਸੀ ਸ਼ਿਵ ਨਗਰ, ਹਿਸਾਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: CBI ਦੀ ਚਾਰਜਸ਼ੀਟ ਵਿਚ ਖੁਲਾਸਾ: ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੂੰ ਨਹੀਂ ਮਿਲੀ ਕਲੀਨ ਚਿੱਟ
ਪੁਛਗਿਛ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦਸਿਆ ਕਿ ਮਨੋਜ ਉਰਫ਼ ਗੁਰੂ ਹਰਿਆਣਵੀ ਗਾਇਕ ਹੈ। ਜਿਨ੍ਹਾਂ ਦਾ ਜੈਮ ਟਿਊਨਸ ਮਿਊਜ਼ਿਕ ਕੰਪਨੀ ਨਾਲ 5 ਸਾਲ ਦਾ ਬਾਂਡ ਐਗਰੀਮੈਂਟ ਸੀ। ਜਿਸ ਤਹਿਤ ਗੁਰੂ ਕੰਪਨੀ ਵਲੋਂ ਕਿਹਾ ਗਿਆ ਸੀ ਕਿ ਗਾਇਕ ਸਾਲ ਵਿਚ 10-12 ਗੀਤ ਰਿਲੀਜ਼ ਕਰੇਗਾ ਅਤੇ ਇਸ ਲਈ ਸਟੇਜ-ਲਾਈਵ ਪ੍ਰੋਗਰਾਮ ਵੀ ਕਰਵਾਏਗਾ ਪਰ ਮਿਊਜ਼ਿਕ ਕੰਪਨੀ ਨੇ ਅਜਿਹਾ ਨਹੀਂ ਕੀਤਾ।
ਜਿਸ ਕਾਰਨ ਮਨੋਜ ਉਰਫ ਗੁਰੂ ਨੇ ਅਪਣੇ ਸਾਥੀ ਦੀਪਕ ਉਰਫ ਕੱਚਾ ਨਾਲ ਮਿਲ ਕੇ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੂੰ ਸਮਝੌਤਾ ਤੋੜਨ ਲਈ ਕਿਹਾ। ਸਮਝੌਤਾ ਨਾ ਤੋੜਨ 'ਤੇ ਜਾਨੋਂ ਮਾਰਨ ਦੀ ਧਮਕੀ ਦਿਤੀ। ਮਨੋਜ ਗੁਰੂ ਨੇ ਦਸਿਆ ਕਿ ਉਹ ਗੈਂਗਸਟਰ ਕਾਲਾ ਜਠੇੜੀ ਦੇ ਭਰਾ ਦੇ ਜਨਮ ਦਿਨ 'ਤੇ ਪ੍ਰੋਗਰਾਮ ਲਈ ਗਿਆ ਸੀ। ਉਥੇ ਉਸ ਦੀ ਦੀਪਕ ਉਰਫ ਕੱਚਾ ਨਾਲ ਦੋਸਤੀ ਹੋਈ ਸੀ।
ਇਹ ਵੀ ਪੜ੍ਹੋ: ED ਨੂੰ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰਨਾ ਚਾਹੀਦਾ, ਜਾਂਚ ਪ੍ਰਕਿਰਿਆ ਪਾਰਦਰਸ਼ੀ ਅਤੇ ਨਿਰਪੱਖ ਹੋਣੀ ਚਾਹੀਦੀ: ਸੁਪ੍ਰੀਮ ਕੋਰਟ
ਏਸੀਪੀ ਅਨੁਸਾਰ ਮੁਲਜ਼ਮ ਦੀਪਕ ਵਿਰੁਧ ਸੋਨੀਪਤ ਜ਼ਿਲ੍ਹੇ ਵਿਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਦੋ ਕੇਸ ਦਰਜ ਹਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਧਮਕੀਆਂ ਦੇਣ ਲਈ ਵਰਤੇ ਜਾਂਦੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲੈਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।