
ਦਿੱਲੀ ਦੀ ਅਦਾਲਤ ਨੇ ਕਿਹਾ ਕਿ ਉਹ ਪਛਮੀ ਬੰਗਾਲ ਵਿਚ ਨਿਜੀ ਕੰਪਨੀ ਨੂੰ ਕੋਲਾ ਖਦਾਨ ਵੰਡ ਵਿਚ ਹੇਰਾਫੇਰੀ ਲਈ ਦੋਸ਼ੀ ਠਹਿਰਾਏ ਗਏ.........
ਭੋਪਾਲ : ਦਿੱਲੀ ਦੀ ਅਦਾਲਤ ਨੇ ਕਿਹਾ ਕਿ ਉਹ ਪਛਮੀ ਬੰਗਾਲ ਵਿਚ ਨਿਜੀ ਕੰਪਨੀ ਨੂੰ ਕੋਲਾ ਖਦਾਨ ਵੰਡ ਵਿਚ ਹੇਰਾਫੇਰੀ ਲਈ ਦੋਸ਼ੀ ਠਹਿਰਾਏ ਗਏ ਸਾਬਕਾ ਕੋਲਾ ਸਕੱਤਰ ਐਚ ਸੀ ਗੁਪਤਾ ਅਤੇ ਪੰਜ ਹੋਰਾਂ ਨੂੰ ਪੰਜ ਦਸੰਬਰ ਨੂੰ ਸਜ਼ਾ ਸੁਣਾਏਗੀ। ਵਿਸ਼ੇਸ਼ ਜੱਜ ਭਰਤ ਪਰਾਸ਼ਰ ਨੇ ਸਜ਼ਾ ਦੀ ਮਿਆਦ ਸਬੰਧੀ ਦਲੀਲਾਂ 'ਤੇ ਸੁਣਵਾਈ ਪੂਰੀ ਕਰ ਲਈ। ਸੀਬੀਆਈ ਨੇ ਪੰਜਾਂ ਦੋਸ਼ੀਆਂ ਨੂੰ ਵੱਧ ਤੋਂ ਵੱਧ ਸੱਤ ਸਾਲ ਦੀ ਜੇਲ ਅਤੇ ਨਿਜੀ ਕੰਪਨੀ ਨੂੰ ਭਾਰੀ ਜੁਰਮਾਨਾ ਲਾਉਣ ਦੀ ਮੰਗ ਕੀਤੀ। ਗੁਪਤਾ ਅਤੇ ਚਾਰ ਹੋਰ ਦੋਸ਼ੀਆਂ ਦੇ ਵਕੀਲ ਨੇ ਸਜ਼ਾ ਵਿਚ ਨਰਮੀ ਵਰਤੇ ਜਾਣ ਦੀ ਮੰਗ ਕੀਤੀ।
ਗੁਪਤਾ ਦੇ ਵਕੀਲ ਨੇ ਕਿਹਾ ਕਿ ਉਹ 70 ਸਾਲ ਦੇ ਹਨ ਅਤੇ ਵੱਖ ਵੱਖ ਬੀਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਦੇ ਪਰਵਾਰ ਦਾ ਗੁਜ਼ਾਰਾ ਚਲਾਉਣ ਲਈ ਉਨ੍ਹਾਂ ਕੋਲ ਸਿਰਫ਼ ਪੈਨਸ਼ਨ ਦਾ ਸਹਾਰਾ ਹੈ। ਬੀਤੀ 30 ਨਵੰਬਰ ਨੂੰ ਅਦਾਲਤ ਨੇ ਗੁਪਤਾ, ਨਿਜੀ ਫ਼ਰਮ ਵਿਕਾਸ ਮੈਟਲਜ਼ ਐਂਡ ਪਾਵਰ ਲਿਮਟਿਡ ਨਾਲ ਨਾਲ ਕੋਲਾ ਮੰਤਰਾਲੇ ਵਿਚ ਸੰਯੁਕਤ ਸਕੱਤਰ ਦੇ ਅਹੁਦੇ 'ਤੇ ਰਹੇ ਅਤੇ ਹਾਲ ਵੀ ਨੌਕਰੀ ਕਰ ਰਹੀ ਕੇ ਐਸ ਕ੍ਰੋਫ਼ਾ ਅਤੇ ਕੋਲਾ ਮੰਤਰਾਲੇ ਵਿਚ ਵੇਲੇ ਦੇ ਨਿਰਦੇਸ਼ਕ ਕੇ ਸੀ ਸਾਮਰਿਆ ਨੂੰ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ।
ਅਦਾਲਤ ਨੇ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਵਿਕਾਸ ਪਾਟਨੀ ਅਤੇ ਉਸ ਦੇ ਅਧਿਕਾਰਤ ਹਸਤਾਖਰਕਰਤਾ ਆਨੰਦ ਮਲਿਕ ਨੂੰ ਵੀ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ। ਇਹ ਮਾਮਲਾ ਪਛਮੀ ਬੰਗਾਲ ਵਿਚ ਮੋਇਰਾ ਅਤੇ ਮਧੂਜ਼ੋਰ ਕੋਲਾ ਖਾਣਾਂ ਨੂੰ ਵੀਐਮਪੀਐਲ ਨੂੰ ਦੇਣ ਵਿਚ ਕਥਿਤ ਹੇਰਾਫੇਰੀ ਨਾਲ ਸਬੰਧਤ ਹੈ। ਸੀਬੀਆਈ ਨੇ ਸਤੰਬਰ 2012 ਵਿਚ ਇਸ ਮਾਮਲੇ ਵਿਚ ਪਰਚਾ ਦਰਜ ਕੀਤਾ ਸੀ। (ਏਜੰਸੀ)