
ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ’ਤੇ ਮੈਂ ਐਵਾਰਡ ਸਵੀਕਾਰ ਕਰਾਂਗਾ - ਰਾਕੇਸ਼ ਟਿਕੈਤ
ਨਵੀਂ ਦਿੱਲੀ - ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦਾ ਵੱਡਾ ਯੋਗਦਾਨ ਹੈ। ਇਸ ਯੋਗਦਾਨ ਨੂੰ ਲੈ ਕੇ ਉਹਨਾਂ ਦਾ ਨਾਮ ਹੁਣ ਵਿਦੇਸ਼ਾਂ ਤੱਕ ਵੀ ਪਹੁੰਚ ਗਿਆ ਹੈ। ਹੁਣ ਉਹਨਾਂ ਨੂੰ 21ਵੀਂ ਸਦੀ ਦੇ ਆਈਕਨ ਐਵਾਰਡ 2021 ਦੇ ਫਾਈਨਲਿਸਟ ਵਜੋਂ ਚੁਣਿਆ ਗਿਆ ਹੈ। ਦੱਸ ਦਈਏ ਕਿ ਆਈਕਨ ਅਵਾਰਡ ਬ੍ਰਿਟੇਨ ਦੀ ਸਕੁਏਅਰ ਵਾਟਰਮੇਲਨ ਨਾਮ ਦੀ ਕੰਪਨੀ ਦੁਆਰਾ ਦਿੱਤਾ ਜਾਂਦਾ ਹੈ। ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਚਲਾਉਣ ਕਾਰਨ ਉਨ੍ਹਾਂ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ।
21st Century Icon Award
ਸਕੁਏਅਰ ਵਾਟਰਮੇਲਨ ਕੰਪਨੀ ਦੁਆਰਾ 10 ਦਸੰਬਰ 2021 ਨੂੰ ਜੇਤੂਆਂ ਬਾਰੇ ਲੰਡਨ ਵਿਚ ਐਲਾਨ ਕੀਤਾ ਜਾਵੇਗਾ। ਜਾਣਕਾਰੀ ਲਈ ਦੱਸ ਦਈਏ ਕਿ ਬ੍ਰਿਟੇਨ ਦੇ ਲੰਡਨ ਸ਼ਹਿਰ 'ਚ ਸਥਿਤ ਸਕੁਏਅਰ ਵਾਟਰਮੇਲਨ ਕੰਪਨੀ ਇਸ ਐਵਾਰਡ ਲਈ ਹਰ ਸਾਲ ਉਨ੍ਹਾਂ ਲੋਕਾਂ ਨੂੰ ਚੁਣਦੀ ਹੈ, ਜੋ ਦੁਨੀਆ ਲਈ ਇਕ ਮਿਸਾਲ ਬਣਦੇ ਹਨ। ਇਸ ਦੇ ਨਾਲ ਹੀ ਕੰਪਨੀ ਵੱਲੋਂ ਇਸ ਸਾਲ ਦੇ ਐਵਾਰਡ ਲਈ ਨਾਮਜ਼ਦਗੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਨਾਂ ਵੀ ਸ਼ਾਮਲ ਹੈ।
Rakesh Tikait
ਬੀਕੇਯੂ ਉੱਤਰ ਪ੍ਰਦੇਸ਼ ਦੇ ਮੀਤ ਪ੍ਰਧਾਨ ਰਾਜਬੀਰ ਸਿੰਘ ਨੇ ਦੱਸਿਆ ਕਿ ਇਹ ਐਵਾਰਡ 10 ਦਸੰਬਰ ਨੂੰ ਦਿੱਤਾ ਜਾਵੇਗਾ। ਇਸ ਬਾਰੇ ਰਾਕੇਸ਼ ਟਿਕੈਤ ਨੇ ਕਿਹਾ, "ਮੈਂ ਪੁਰਸਕਾਰ ਲੈਣ ਲਈ ਲੰਡਨ ਨਹੀਂ ਜਾ ਰਿਹਾ ਹਾਂ ਕਿਉਂਕਿ ਮੈਂ ਪ੍ਰਦਰਸ਼ਨ ਵਿਚ ਰੁੱਝਿਆ ਹੋਇਆ ਹਾਂ।" ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ’ਤੇ ਉਹ ਐਵਾਰਡ ਸਵੀਕਾਰ ਕਰਨਗੇ।