
ਸੱਤਾਧਾਰੀ MNF ਨੂੰ ਮਿਲੀਆਂ 10 ਸੀਟਾਂ
Mizoram Assembly election results: ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਚੋਣਾਂ 'ਚ ਜ਼ੋਰਮ ਪੀਪਲਜ਼ ਮੂਵਮੈਂਟ (ZPM) ਸੱਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਜ਼ੋਰਮ ਪੀਪਲਜ਼ ਮੂਵਮੈਂਟ ਨੇ 27 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MNF) ਨੂੰ 10 ਸੀਟਾਂ ਮਿਲੀਆਂ ਹਨ।
ਮੁੱਖ ਮੰਤਰੀ ਜ਼ੋਰਮਥੰਗਾ ਆਈਜ਼ੌਲ-ਈਸਟ 1 ਤੋਂ ਚੋਣ ਹਾਰ ਗਏ ਸਨ। ਉਹ ਜ਼ੋਰਮ ਪੀਪਲਜ਼ ਮੂਵਮੈਂਟ ਦੇ ਲਾਲਥਨਸਾੰਗਾ ਤੋਂ ਹਾਰੇ। ਦੂਜੇ ਪਾਸੇ ਭਾਜਪਾ ਨੇ ਦੋ ਸੀਟਾਂ ਜਿੱਤੀਆਂ ਹਨ। ਪਿਛਲੀ ਵਾਰ ਪਾਰਟੀ ਨੂੰ ਇਕ ਸੀਟ ਮਿਲੀ ਸੀ। ਜਦਕਿ ਕਾਂਗਰਸ ਨੂੰ ਇਕ ਸੀਟ ਮਿਲੀ ਹੈ।
ਜ਼ੋਰਮ ਪੀਪਲਜ਼ ਮੂਵਮੈਂਟ ਦੇ ਨੇਤਾ ਲਾਲਦੂਹੋਮਾ ਨੇ ਕਿਹਾ- ਉਹ ਪਾਰਟੀ ਦੀ ਜਿੱਤ ਤੋਂ ਖੁਸ਼ ਹਨ। ਉਨ੍ਹਾਂ ਨੇ ਇਸੇ ਤਰ੍ਹਾਂ ਦੇ ਨਤੀਜਿਆਂ ਦੀ ਉਮੀਦ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਂ ਅਗਲੇ ਦੋ ਦਿਨਾਂ ਵਿਚ ਰਾਜਪਾਲ ਨੂੰ ਮਿਲਾਂਗਾ। ਸਹੁੰ ਚੁੱਕ ਸਮਾਗਮ ਇਸੇ ਮਹੀਨੇ ਹੋਵੇਗਾ। ਇਸ ਵਿਚਾਲੇ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਵਲੋਂ ਵਿਧਾਨ ਸਭਾ ਚੋਣਾਂ ਵਿਚ ਅਪਣੀ ਪਾਰਟੀ ਦੀ ਹਾਰ ਤੋਂ ਬਾਅਦ ਅਸਤੀਫਾ ਦੇਣ ਲਈ ਸੋਮਵਾਰ ਸ਼ਾਮ ਨੂੰ ਰਾਜਪਾਲ ਹਰੀ ਬਾਬੂ ਕੰਭਮਪਤੀ ਨੂੰ ਮਿਲਣ ਦੀ ਸੰਭਾਵਨਾ ਹੈ।
ਲਾਲਦੂਹੋਮਾ ਸਾਬਕਾ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਿਆ ਸੀ। ਉਨ੍ਹਾਂ ਦੀ ਪਾਰਟੀ ਨੇ ਦੂਜੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ। 2018 ਵਿਚ ਜ਼ੋਰਮ ਪੀਪਲਜ਼ ਮੂਵਮੈਂਟ ਨੂੰ 8 ਸੀਟਾਂ ਮਿਲੀਆਂ ਸਨ।
ਮਿਜ਼ੋਰਮ ਵਿਧਾਨ ਸਭਾ ਲਈ 7 ਨਵੰਬਰ ਨੂੰ ਵੋਟਿੰਗ ਹੋਈ ਸੀ ਅਤੇ ਸੂਬੇ ਦੇ 8.57 ਲੱਖ ਵੋਟਰਾਂ ਵਿਚੋਂ 80 ਫ਼ੀ ਸਦੀ ਤੋਂ ਵੱਧ ਵੋਟਰਾਂ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਚੋਣਾਂ ਵਿਚ 18 ਔਰਤਾਂ ਸਮੇਤ ਕੁੱਲ 174 ਉਮੀਦਵਾਰ ਮੈਦਾਨ ਵਿਚ ਹਨ।
ਮਿਜ਼ੋ ਨੈਸ਼ਨਲ ਫਰੰਟ (MNF), ਜ਼ੋਰਮ ਪੀਪਲਜ਼ ਮੂਵਮੈਂਟ (ZPM) ਅਤੇ ਕਾਂਗਰਸ ਨੇ 40-40 ਸੀਟਾਂ 'ਤੇ ਚੋਣ ਲੜੀ, ਜਦਕਿ ਭਾਜਪਾ ਨੇ 23 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ। ਮਿਜ਼ੋਰਮ 'ਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ 'ਤੇ ਚੋਣ ਲੜੀ ਸੀ। ਇਸ ਤੋਂ ਇਲਾਵਾ 17 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਸਨ।