
ਭਾਜਪਾ ਅਤੇ ਟੀਐਮਸੀ ਵੱਲੋਂ ਇੱਕ ਦੂਜੇ 'ਤੇ ਸਿਆਸੀ ਬਿਆਨਬਾਜ਼ੀਆਂ ਜਾਰੀ
ਕੋਲਕਾਤਾ - ਪੱਛਮੀ ਬੰਗਾਲ ਸਰਕਾਰ ਨੇ ਇਸ ਸਾਲ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ, ਜਨਵਰੀ ਤੋਂ ਅਪ੍ਰੈਲ ਤੱਕ ਮਿਡ-ਡੇ-ਮੀਲ ਵਿੱਚ ਚਿਕਨ ਅਤੇ ਮੌਸਮੀ ਫਲਾਂ ਨੂੰ ਸ਼ਾਮਲ ਕਰਨ ਲਈ 371 ਕਰੋੜ ਰੁਪਏ ਅਲਾਟ ਕੀਤੇ ਹਨ।
ਇੱਕ ਨੋਟੀਫਿਕੇਸ਼ਨ ਅਨੁਸਾਰ, ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ, ਮਿਡ-ਡੇ-ਮੀਲ ਵਿੱਚ ਮੌਜੂਦਾ ਸਮੇਂ ਵਿੱਚ ਦਿੱਤੇ ਜਾ ਰਹੇ ਚਾਵਲ, ਆਲੂ, ਸੋਇਆਬੀਨ ਅਤੇ ਅੰਡੇ ਤੋਂ ਇਲਾਵਾ, ਚਾਰ ਮਹੀਨਿਆਂ ਲਈ ਹਰ ਹਫ਼ਤੇ ਚਿਕਨ ਅਤੇ ਮੌਸਮੀ ਫਲ ਮੁਹੱਈਆ ਕਰਵਾਏ ਜਾਣਗੇ।
ਹਾਲਾਂਕਿ, ਇਹ ਵਿਵਸਥਾ ਅਪ੍ਰੈਲ ਤੋਂ ਬਾਅਦ ਜਾਰੀ ਰਹਿਣ ਦੀ ਸੰਭਾਵਨਾ ਨਹੀਂ ਹੈ, ਸਕੂਲ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ।
ਪ੍ਰਾਪਤ ਜਾਣਕਾਰੀ 'ਚ ਪਤਾ ਲੱਗਿਆ ਹੈ ਕਿ 3 ਜਨਵਰੀ ਦੇ ਨੋਟੀਫਿਕੇਸ਼ਨ ਅਨੁਸਾਰ, ਹਰੇਕ ਵਿਦਿਆਰਥੀ ਨੂੰ ਵਾਧੂ ਪੋਸ਼ਣ ਪ੍ਰਦਾਨ ਕਰਨ ਲਈ ਪ੍ਰਤੀ ਹਫ਼ਤੇ 20 ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ ਅਤੇ ਇਹ ਪ੍ਰਕਿਰਿਆ 16 ਹਫ਼ਤਿਆਂ ਤੱਕ ਚੱਲੇਗੀ।
ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ 1.16 ਕਰੋੜ ਤੋਂ ਵੱਧ ਵਿਦਿਆਰਥੀ ਮਿਡ-ਡੇ-ਮੀਲ ਸਕੀਮ ਦੇ ਲਾਭਪਾਤਰੀ ਹਨ। ਇਸ 'ਤੇ 60 ਫੀਸਦੀ ਖਰਚਾ ਸੂਬਾ ਸਰਕਾਰ ਵੱਲੋਂ ਜਦਕਿ 40 ਫੀਸਦੀ ਕੇਂਦਰ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਹਾਲਾਂਕਿ, 371 ਕਰੋੜ ਰੁਪਏ ਦੀ ਵਾਧੂ ਅਲਾਟਮੈਂਟ ਪੂਰੀ ਤਰ੍ਹਾਂ ਰਾਜ ਸਰਕਾਰ ਦੁਆਰਾ ਕੀਤੀ ਗਈ ਹੈ।
ਇਹ ਪੁੱਛੇ ਜਾਣ 'ਤੇ ਕਿ ਕੀ ਰਾਜ ਸਰਕਾਰ ਚਾਰ ਮਹੀਨਿਆਂ ਬਾਅਦ ਹੋਰ ਰਾਸ਼ੀ ਅਲਾਟ ਕਰੇਗੀ, ਤਾਂ ਸਕੂਲ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਇਸ ਕਦਮ ਨਾਲ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਭਾਜਪਾ ਨੇ ਪੁੱਛਿਆ ਕਿ ਇਸ ਸਾਲ ਹੋਣ ਵਾਲੀਆਂ ਪੰਚਾਇਤੀ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹਾ ਫੈਸਲਾ ਕਿਉਂ ਲਿਆ ਗਿਆ, ਜਦੋਂ ਕਿ ਤ੍ਰਿਣਮੂਲ ਕਾਂਗਰਸ ਨੇ ਵਿਰੋਧੀ ਧਿਰ 'ਤੇ 'ਹਰ ਚੀਜ਼ ਵਿੱਚ ਰਾਜਨੀਤੀ ਦੇਖਣ' ਦਾ ਦੋਸ਼ ਲਾਇਆ।
ਭਾਜਪਾ ਨੇਤਾ ਰਾਹੁਲ ਸਿਨਹਾ ਨੇ ਕਿਹਾ, "ਚੋਣਾਂ ਤੋਂ ਪਹਿਲਾਂ ਸਕੂਲੀ ਬੱਚਿਆਂ ਨੂੰ ਚਿਕਨ ਪਰੋਸਣ ਦਾ ਫੈਸਲਾ ਟੀਐਮਸੀ ਸਰਕਾਰ ਦੇ ਦਿਲ ਬਦਲਣ 'ਤੇ ਸਵਾਲ ਖੜ੍ਹੇ ਕਰਦਾ ਹੈ। ਗ਼ਰੀਬ ਬੱਚਿਆਂ ਨੂੰ ਇਨ੍ਹਾਂ ਵਸਤੂਆਂ ਤੋਂ ਵਾਂਝੇ ਕਰਕੇ ਸਿਰਫ਼ ਚਾਵਲ ਤੇ ਦਾਲਾਂ ਹੀ ਕਿਉਂ ਦਿੱਤੀਆਂ ਗਈਆਂ? ਪੰਚਾਇਤੀ ਚੋਣਾਂ ਨੇੜੇ ਆ ਰਹੀਆਂ ਹਨ, ਇਸ ਫੈਸਲੇ ਨਾਲ ਵੋਟਾਂ ਪੱਕੀਆਂ ਕਰਨ ਦੇ ਸਿਆਸੀ ਇਰਾਦੇ ਦੀ ਬਦਬੋ ਆ ਰਹੀ ਹੈ।”
ਟੀਐਮਸੀ ਦੇ ਰਾਜ ਸਭਾ ਮੈਂਬਰ ਸ਼ਾਂਤਨੂ ਸੇਨ ਨੇ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹਮੇਸ਼ਾ ਆਮ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਇਹ ਫੈਸਲਾ 'ਇਸ ਤੱਥ ਦੀ ਪੁਸ਼ਟੀ' ਕਰਦਾ ਹੈ।
ਉਨ੍ਹਾਂ ਕਿਹਾ, ''ਤ੍ਰਿਣਮੂਲ ਕਾਂਗਰਸ ਲੋਕ ਕੇਂਦਰਿਤ ਪਾਰਟੀ ਹੈ ਅਤੇ ਇਹ ਭਾਜਪਾ ਵਰਗੀ ਨਹੀਂ ਹੈ ਜੋ ਹਰ ਮੁੱਦੇ 'ਤੇ ਰਾਜਨੀਤੀ ਕਰਨਾ ਚਾਹੁੰਦੀ ਹੈ। ਕੋਵਿਡ ਮਹਾਮਾਰੀ ਅਤੇ ਲੌਕਡਾਊਨ ਦੌਰਾਨ, ਸਾਡੀ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਬੱਚੇ ਮਿਡ-ਡੇ-ਮੀਲ ਤੋਂ ਵਾਂਝੇ ਨਾ ਰਹਿਣ ਅਤੇ ਸਕੂਲਾਂ ਵਿੱਚ ਨਿਯਮਿਤ ਤੌਰ 'ਤੇ ਚੌਲ, ਦਾਲਾਂ, ਆਲੂ, ਸੋਇਆਬੀਨ ਵੰਡੇ। ਮੁਸ਼ਕਲਾਂ ਦੇ ਬਾਵਜੂਦ ਅਸੀਂ ਮਿਡ-ਡੇ-ਮੀਲ ਬੰਦ ਨਹੀਂ ਕੀਤਾ।''