ਸਰਕਾਰੀ ਏਅਰਲਾਈਨ ਏਅਰ ਇੰਡੀਆ ਨੇ ਅਪਣੇ ਖਾਣੇ ਵਿਚ ਕਾਕਰੋਚ ਮਿਲਣ....
ਨਵੀਂ ਦਿੱਲੀ : ਸਰਕਾਰੀ ਏਅਰਲਾਈਨ ਏਅਰ ਇੰਡੀਆ ਨੇ ਅਪਣੇ ਖਾਣੇ ਵਿਚ ਕਾਕਰੋਚ ਮਿਲਣ ਦੀ ਘਟਨਾ ਤੋਂ ਬਾਅਦ ਮਾਫੀ ਮੰਗੀ ਹੈ। ਤੁਹਾਨੂੰ ਦੱਸ ਦਈਏ ਕਿ ਭੋਪਾਲ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਇਕ ਉਡ਼ਾਣ ਵਿਚ ਇਕ ਯਾਤਰੀ ਦੇ ਖਾਣੇ ਵਿਚ ਕਾਕਰੋਚ ਮਿਲਿਆ ਸੀ। ਇਸ ਘਟਨਾ ਦੇ 2 ਦਿਨ ਬਾਅਦ ਸਰਕਾਰੀ ਏਅਰਲਾਈਨ ਨੇ ਇਸ ਦੇ ਲਈ ਮਾਫੀ ਮੰਗੀ ਹੈ। ਯਾਤਰੀ ਨੇ ਅਪਣੇ ਖਾਣੇ ਵਿਚ ਕਾਕਰੋਚ ਮਿਲਣ ਤੋਂ ਬਾਅਦ ਸ਼ਨਿਚਰਵਾਰ ਨੂੰ ਇਕ ਟਵੀਟ ਦੇ ਜਰੀਏ ਅਪਣੀ ਗੱਲ ਕਹੀ ਸੀ ਅਤੇ ਇਸ ਦੀ ਤਸਵੀਰ ਵੀ ਪੋਸਟ ਕੀਤੀ ਸੀ।
ਰਿਪੋਰਟਸ ਦੇ ਮੁਤਾਬਕ ਏਅਰ ਇੰਡੀਆ ਨੇ ਕਿਹਾ ਹੈ ਕਿ ਉਸ ਨੇ ਇਸ ਮਾਮਲੇ ਵਿਚ ਅੰਤਰਿਮ ਰੂਪ ਤੋਂ ਕਾਰਵਾਈ ਸ਼ੁਰੂ ਕਰ ਦਿਤੀ ਹੈ। ਏਅਰਲਾਈਨ ਨੇ ਇਕ ਟਵੀਟ ਵਿਚ ਕਿਹਾ ‘ਅਸੀਂ ਇਸ ਘਟਨਾ ਲਈ ਅਪਣੇ ਯਾਤਰੀ ਤੋਂ ਮਾਫੀ ਮੰਗਦੇ ਹਾਂ ਕਿਉਂਕਿ ਉਨ੍ਹਾਂ ਨੂੰ ਭੋਪਾਲ - ਮੁੰਬਈ ਉਡ਼ਾਣ ਦੇ ਦੌਰਾਨ ਪਰੋਸੇ ਗਏ ਭੋਜਨ ਨੂੰ ਲੈ ਕੇ ਖ਼ਰਾਬ ਅਨੁਭਵ ਦਾ ਸਾਹਮਣਾ ਕਰਨਾ ਪਿਆ। ਅਸੀਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਕੈਟਰਰ ਨੂੰ ਨੋਟਿਸ ਭੇਜਿਆ ਹੈ। ਅਜਿਹੇ ਮਾਮਲਿਆਂ ਵਿਚ ਏਅਰ ਇੰਡੀਆ ਨੂੰ ਕਿਸੇ ਵੀ ਪ੍ਰਕਾਰ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਹੈ।
ਅੰਤਰਿਮ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਸਾਡੇ ਉਚ ਅਧਿਕਾਰੀ ਯਾਤਰੀ ਦੇ ਸੰਪਰਕ ਵਿਚ ਹਨ। ਧਿਆਨ ਯੋਗ ਹੈ ਕਿ ਭੋਪਾਲ ਤੋਂ ਮੁੰਬਈ ਦੀ ਯਾਤਰਾ ਕਰ ਰਹੇ ਰੋਹਿਤ ਰਾਜ ਸਿੰਘ ਚੌਹਾਨ ਨਾਂਅ ਦੇ ਯਾਤਰੀ ਨੇ ਸ਼ਨਿਚਰਵਾਰ ਨੂੰ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਏਅਰਲਾਈਨ ਨੇ ਜੋ ਖਾਣਾ ਪਰੋਸਿਆ, ਉਸ ਵਿਚ ਕਾਕਰੋਚ ਸੀ। ਉਨ੍ਹਾਂ ਨੇ ਇਸ ਦੀ ਇਕ ਤਸਵੀਰ ਵੀ ਪੋਸਟ ਕੀਤੀ ਸੀ। ਜਿਸ ਵਿਚ ਕਾਕਰੋਚ ਦਿਖ ਰਿਹਾ ਸੀ। ਇਸ ਟਵੀਟ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਏਅਰ ਇੰਡੀਆ ਦੀਆਂ ਸੇਵਾਵਾਂ ਦੀ ਜੱਮ ਕੇ ਆਲੋਚਨਾ ਸ਼ੁਰੂ ਹੋ ਗਈ ਸੀ।