
ਕਿਹਾ - ਭਾਜਪਾ ਵਿਕਾਸ ਦੇ ਵਾਅਦੇ ਨਾਲ ਸੱਤਾ 'ਚ ਆਈ ਸੀ ਪਰ ਹਿੰਦੁਤਵ ਦੇ ਗੁੰਡਿਆਂ ਨੂੰ ਨਫ਼ਰਤ ਅਤੇ ਹਿੰਸਾ ਦੀ ਰਾਜਨੀਤੀ ਕਰਨ ਦੀ ਖੁੱਲ੍ਹੀ ਛੋਟ ਦੇ ਦਿੱਤੀ
ਨਵੀਂ ਦਿੱਲੀ : ਥੀਏਟਰ ਦੇ 600 ਤੋਂ ਵੱਧ ਕਲਾਕਾਰਾਂ ਨੇ ਇਕ ਸੰਯੁਕਤ ਬਿਆਨ ਜਾਰੀ ਕਰ ਕੇ ਨਾਗਰਿਕਾਂ ਨੂੰ ਨਫ਼ਰਤ ਅਤੇ ਹਿੰਸਾ ਵਿਰੁੱਧ ਵੋਟ ਕਰਨ ਦੀ ਅਪੀਲ ਕੀਤੀ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਕਲਾਕਾਰਾਂ 'ਚ ਅਮੋਲ ਪਾਲੇਕਰ, ਅਨੁਰਾਗ ਕਸ਼ਯਪ, ਡੋਲੀ ਠਾਕੋਰ, ਲਿਲੇਟ ਦੂਬੇ, ਨਸੀਰੂਦੀਨ ਸ਼ਾਹ, ਅਭਿਸ਼ੇਕ ਮਜੂਮਦਾਰ, ਅਨਾਮਿਕਾ ਹਾਕਸਰ, ਨਵਤੇਜ ਜੌਹਰ, ਐਮ.ਕੇ. ਰੈਨਾ, ਮਹੇਸ਼ ਦੱਤਾਨੀ, ਕੋਂਕਣਾ ਸੇਨ ਸ਼ਰਮਾ, ਰਤਨਾ ਪਾਠਕ ਸ਼ਾਹ ਅਤੇ ਸੰਜਨਾ ਕਪੂਰ ਸ਼ਾਮਲ ਹਨ।
600 theatre artists appeal to vote against BJP
ਆਰਟਿਸਟ ਯੂਨੀਈਟਿਡ ਇੰਡੀਆ ਵੈਬਸਾਈਟ 'ਤੇ ਜਾਰੀ ਬਿਆਨ 'ਚ ਲੋਕਾਂ ਨੇ ਭਾਜਪਾ ਅਤੇ ਉਸ ਦੀ ਸਹਿਯੋਗੀ ਪਾਰਟੀਆਂ ਵਿਰੁੱਧ ਵੋਟ ਕਰਨ ਅਤੇ ਧਰਮ ਨਿਰਪੇਖ, ਲੋਕਤਾਂਤਰਿਕ ਅਤੇ ਸੁਨਹਿਰੇ ਭਾਰਤ ਲਈ ਵੋਟ ਕਰਨ ਦੀ ਅਪੀਲ ਕੀਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਕਮਜੋਰ ਲੋਕਾਂ ਨੂੰ ਮਜ਼ਬੂਤ ਕਰਨ, ਆਜ਼ਾਦੀ ਦੀ ਸੁਰੱਖਿਆ, ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਵਿਗਿਆਨਕ ਸੋਚ ਨੂੰ ਉਤਸ਼ਾਹਤ ਕਰਨ ਲਈ ਵੋਟ ਦਿਓ। ਇਹ ਬਿਆਨ 12 ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਤਾਮਿਲ, ਬੰਗਾਲੀ, ਮਰਾਠੀ, ਮਲਯਾਲਮ, ਕੰਨੜ, ਅਸਮਿਆ, ਤੇਲਗੂ, ਪੰਜਾਬੀ, ਕੋਂਕਣੀ ਅਤੇ ਉਰਦੂ 'ਚ ਜਾਰੀ ਕੀਤਾ ਗਿਆ ਹੈ।
Narendra Modi
ਬਿਆਨ 'ਚ ਕਿਹਾ ਗਿਆ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਸੁਤੰਤਰ ਭਾਰਤ ਦੇ ਇਤਿਹਾਸ ਲਈ ਬਹੁਤ ਮਹੱਤਵਪੂਰਨ ਹਨ। ਇਸ 'ਚ ਕਿਹਾ ਗਿਆ ਹੈ ਕਿ ਭਾਜਪਾ ਵਿਕਾਸ ਦੇ ਵਾਅਦੇ ਨਾਲ ਸੱਤਾ 'ਚ ਆਈ ਸੀ ਪਰ ਹਿੰਦੁਤਵ ਦੇ ਗੁੰਡਿਆਂ ਨੂੰ ਨਫ਼ਰਤ ਅਤੇ ਹਿੰਸਾ ਦੀ ਰਾਜਨੀਤੀ ਕਰਨ ਦੀ ਖੁੱਲ੍ਹੀ ਛੋਟ ਦੇ ਦਿੱਤੀ। ਬਿਆਨ 'ਚ ਕਿਹਾ ਗਿਆ ਕਿ ਜਿਹੜੇ ਵਿਅਕਤੀ ਨੂੰ 5 ਸਾਲ ਤਕ ਦੇਸ਼ ਦੇ ਰਖਵਾਲੇ ਦਾ ਨਾਂ ਦਿੱਤਾ ਗਿਆ, ਉਸ ਨੇ ਆਪਣੀਆਂ ਨੀਤੀਆਂ ਨਾਲ ਕਰੋੜਾਂ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਕਲਾਕਾਰਾਂ ਦਾ ਕਹਿਣਾ ਹੈ ਕਿ ਅੱਜ ਭਾਰਤ ਦਾ ਵਿਚਾਰ ਖ਼ਤਰੇ 'ਚ ਹੈ। ਅੱਜ ਗੀਤ, ਨਾਚ, ਹਾਸਾ ਸਭ ਕੁੱਝ ਖ਼ਤਰੇ 'ਚ ਹੈ। ਅੱਜ ਸਾਡਾ ਸੰਵਿਧਾਨ ਵੀ ਖ਼ਤਰੇ 'ਚ ਹੈ। ਸਵਾਲ ਚੁੱਕਣ, ਝੂਠ ਨੂੰ ਉਜਾਗਰ ਕਰਨ ਅਤੇ ਸੱਚ ਬੋਲਣ ਨੂੰ ਦੇਸ਼ ਵਿਰੋਧੀ ਕਰਾਕ ਦੇ ਦਿੱਤਾ ਜਾਂਦਾ ਹੈ।