
ਅਰੁਣਾਚਲ ਪ੍ਰਦੇਸ਼ ਦੇ ਸੀਐਮ ਦੇ ਕਾਫ਼ਿਲੇ ਕੋਲੋਂ ਹੋਈ ਰਕਮ ਬਰਾਮਦ
ਨਵੀਂ ਦਿੱਲੀ: ਕਾਂਗਰਸ ਨੇ ਭਾਜਪਾ ‘ਤੇ ਅਰੁਣਾਚਲ ਪ੍ਰਦੇਸ਼ ‘ਚ ਪੈਸਿਆਂ ਨਾਲ ਵੋਟਾਂ ਖਰੀਦਣ ਦਾ ਦੋਸ਼ ਲਗਾਇਆ ਹੈ। ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਦੇ ਕਾਫ਼ਿਲੇ ਕੋਲੋਂ 1.8 ਕਰੋੜ ਰੁਪਏ ਬਰਾਮਦ ਹੋਏ ਹਨ। ਕਾਂਗਰਸ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ‘ਤੇ ਹੁਣ ਤੱਕ ਮੁਕੱਦਮਾ ਦਰਜ ਕਿਉਂ ਨਹੀਂ ਹੋਇਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਉਹਨਾਂ ਦੀ ਇਹੀ ਮੰਗ ਹੈ ਕਿ ਇਸ ਪੂਰੇ ਮਾਮਲੇ ਵਿਚ ਖਾਸ ਤੌਰ ‘ਤੇ ਤਿੰਨ ਲੋਕਾਂ ਸੀਐਮ ਪੇਮਾ ਖਾਂਡੂ, ਡਿਪਟੀ ਸੀਐਮ ਅਤੇ ਪ੍ਰਦੇਸ਼ ਪ੍ਰਧਾਨ ‘ਤੇ ਕਾਰਵਾਈ ਕੀਤੀ ਜਾਵੇ।
Pema Khandu
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਦੇਰ ਰਾਤ ਮੁੱਖ ਮੰਤਰੀ ਪੇਮਾ ਖਾਂਡੂ, ਡਿਪਟੀ ਸੀਐਮ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦੇ ਕਾਫ਼ਿਲੇ ਕੋਲੋ ਕੁੱਲ 1.8 ਕਰੋੜ ਬਰਾਮਦ ਹੋਏ ਹਨ। ਇਹ ਬਰਾਮਦੀ ਉਸ ਸਮੇਂ ਹੋਈ ਜਦੋਂ ਸਵੇਰੇ ਦਸ ਵਜੇ ਪੀਐਮ ਮੋਦੀ ਦੀ ਅਰੁਣਾਚਲ ਪ੍ਰਦੇਸ਼ ਕੋਲ ਰੈਲੀ ਹੋਣ ਵਾਲੀ ਸੀ।
ਚੋਣ ਕਮਿਸ਼ਨ ਦੇ ਚੋਣ ਖਰਚ ਅਧਿਕਾਰੀ ਦੀ ਮੌਜੂਦਗੀ ਵਿਚ ਕੈਸ਼ ਦੀ ਗਿਣਤੀ ਕਰਨ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਗੇਸਟ ਹਾਊਸ ਵਿਚ ਮੌਜੂਦ ਗੱਡੀਆਂ ਵਿਚੋਂ ਇਹ ਪੈਸਾ ਬਰਾਮਦ ਹੋਇਆ ਹੈ। ਕਾਂਗਰਸ ਨੇ ਸਵਾਲ ਕਰਦੇ ਹੋਏ ਕਿਹਾ ਕਿ ਇਸ 1.8 ਕਰੋੜ ਦੀ ਧਨਰਾਸ਼ੀ ਦੀ ਵਰਤੋਂ ਪੀਐਮ ਮੋਦੀ ਦੀ ਰੈਲੀ ਵਿਚ ਹੋਣ ਵਾਲੀ ਸੀ। ਆਖਿਰ ਇੰਨੀ ਵੱਡੀ ਮਾਤਰਾ ਵਿਚ ਆਇਆ ਪੈਸਾ ਕਿਥੋਂ ਆਇਆ? ਕੀ ਇਸਤੋਂ ਨਹੀਂ ਲੱਗਦਾ ਕਿ ਚੌਂਕੀਦਾਰ ਚੋਰ ਹੈ?