
ਮ੍ਰਿਤਕਾਂ ਦੇ ਪ੍ਰਵਾਰ ਤੋਂ 60 ਲੱਖ ਰੁਪਏ ਤੇ ਪੀੜਤਾਂ ਨੂੰ ਖ਼ਰਾਬ ਮੌਸਮ 'ਚ ਨਦੀ ਪਾਰ ਕਰਨ ਲਈ ਮਜਬੂਰ ਕਰਨ ਦੇ ਲੱਗੇ ਇਲਜ਼ਾਮ
ਗੁਜਰਾਤ : ਕੈਨੇਡਾ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਮਾਰੇ ਗਏ ਚਾਰ ਭਾਰਤੀਆਂ ਦੀ ਮੌਤ ਦੇ ਮਾਮਲੇ ਵਿਚ ਗੁਜਰਾਤ ਦੀ ਮੇਹਸਾਣਾ ਪੁਲਿਸ ਨੇ ਕਾਰਵਾਈ ਕੀਤੀ ਹੈ। ਮੇਹਸਾਣਾ ਪੁਲਿਸ ਨੇ ਘਟਨਾ ਦੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਤਿੰਨਾਂ ਏਜੰਟਾਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਹੈ ਜਿਸ ਬਾਰੇ ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਉਸ ਨੇ ਦਸਿਆ ਕਿ ਤਿੰਨੇ ਏਜੰਟ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਰੈਕੇਟ ਵਿਚ ਸ਼ਾਮਲ ਸਨ। ਮਹੱਤਵਪੂਰਨ ਗੱਲ ਇਹ ਹੈ ਕਿ ਉਥੇ ਮਰਨ ਵਾਲੇ ਭਾਰਤੀ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਦੇ ਵਿਜਾਪੁਰ ਤਾਲੁਕਾ ਦੇ ਪਿੰਡ ਮਾਣਕਪੁਰਾ-ਦਾਭਾਲ ਦੇ ਵਸਨੀਕ ਸਨ।
ਐਫ਼.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਤਿੰਨ ਏਜੰਟਾਂ ਨੇ ਇਥੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਤੋਂ ਕਥਿਤ ਤੌਰ 'ਤੇ 60 ਲੱਖ ਰੁਪਏ ਲਏ ਅਤੇ ਖ਼ਰਾਬ ਮੌਸਮ ਵਿਚ ਚਾਰ ਪੀੜਤਾਂ ਨੂੰ ਅਮਰੀਕਾ-ਕੈਨੇਡਾ ਸਰਹੱਦ 'ਤੇ ਸੇਂਟ ਲਾਰੈਂਸ ਨਦੀ ਨੂੰ ਪਾਰ ਕਰਨ ਲਈ ਕਿਸ਼ਤੀ ਦੀ ਸਵਾਰੀ ਕਰਨ ਲਈ ਮਜਬੂਰ ਕੀਤਾ। ਮੇਹਸਾਣਾ ਦੇ ਵਸਈ ਥਾਣੇ ਦੇ ਇੰਸਪੈਕਟਰ ਜੇਐਸ ਰਬਾਰੀ ਨੇ ਦਸਿਆ ਕਿ ਕਿਸ਼ਤੀ ਉਸ ਸਮੇਂ ਪਲਟ ਗਈ ਜਦੋਂ ਉਹ ਨਦੀ ਪਾਰ ਕਰ ਰਹੇ ਸਨ। ਘਟਨਾ 'ਚ ਮਰਨ ਵਾਲੇ ਭਾਰਤੀਆਂ ਦੀ ਪਛਾਣ ਪ੍ਰਵੀਨਭਾਈ ਚੌਧਰੀ (50), ਉਸ ਦੀ ਪਤਨੀ ਦਕਸ਼ਾ (45), ਉਨ੍ਹਾਂ ਦੇ ਬੇਟੇ ਮੀਤ (20) ਅਤੇ ਬੇਟੀ ਵਿਧੀ (24) ਵਜੋਂ ਹੋਈ ਹੈ।
ਜੇ.ਐਸ.ਰਬਾੜੀ ਨੇ ਦਸਿਆ ਕਿ ਮ੍ਰਿਤਕ ਭਾਰਤੀਆਂ ਦੇ ਰਿਸ਼ਤੇਦਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਵਾਉਣ ਵਾਲੇ ਤਿੰਨਾਂ ਏਜੰਟਾਂ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਹੈ। ਇਸ ਮੁਤਾਬਕ ਤਿੰਨਾਂ ਦੇ ਨਾਂ ਕ੍ਰਮਵਾਰ ਨਿਕੁਲ ਸਿੰਘ ਵਿਹੋਲ, ਸਚਿਨ ਵਿਹੋਲ ਅਤੇ ਅਰਜੁਨ ਸਿੰਘ ਚਾਵੜਾ ਹਨ। ਉਨ੍ਹਾਂ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 304 (ਦੋਸ਼ੀ ਕਤਲ), 406 (ਭਰੋਸੇ ਦੀ ਅਪਰਾਧਕ ਉਲੰਘਣਾ), 420 (ਧੋਖਾਧੜੀ) ਅਤੇ 120ਬੀ (ਅਪਰਾਧਕ ਸਾਜਸ਼) ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਮੇਰਾ ਮਣੀਪੁਰ ਸੜ ਰਿਹਾ ਹੈ, ਕ੍ਰਿਪਾ ਕਰ ਕੇ ਮਦਦ ਕਰੋ : ਮੈਰੀਕਾਮ
ਪ੍ਰਵੀਨਭਾਈ ਦੇ ਛੋਟੇ ਭਰਾ ਅਸ਼ਵਿਨਭਾਈ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕਰਵਾਈ ਗਈ ਐਫ਼.ਆਈ.ਆਰ. ਅਨੁਸਾਰ ਮ੍ਰਿਤਕ ਦਾ ਪਰਿਵਾਰ 3 ਫਰਵਰੀ ਨੂੰ ਸੈਰ ਸਪਾਟਾ ਵੀਜ਼ੇ 'ਤੇ ਛੁੱਟੀਆਂ ਮਨਾਉਣ ਕੈਨੇਡਾ ਗਿਆ ਸੀ। ਇਸ ਬਾਰੇ ਜਦੋਂ ਨਿਕੁਲ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਪ੍ਰਵੀਨਭਾਈ ਨੂੰ ਫ਼ੋਨ ਕੀਤਾ ਅਤੇ ਅਪਣੇ ਸੰਪਰਕਾਂ ਰਾਹੀਂ ਪ੍ਰਵਾਰ ਨੂੰ ਅਮਰੀਕਾ ਭੇਜਣ ਦੀ ਪੇਸ਼ਕਸ਼ ਕੀਤੀ। ਇਸ ਦੌਰਾਨ ਉਸ ਨੇ ਕਥਿਤ ਤੌਰ 'ਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪ੍ਰਵਾਰ ਦੀ ਸਰਹੱਦ ਪਾਰ ਕਰਨ ਲਈ 60 ਲੱਖ ਰੁਪਏ ਦੀ ਮੰਗ ਕੀਤੀ। ਨਿਕੁਲ ਸਿੰਘ ਦੀ ਗੱਲ ਤੋਂ ਪ੍ਰਭਾਵਤ ਹੋ ਕੇ ਪ੍ਰਵੀਨਭਾਈ ਨੇ ਅਸ਼ਵਿਨਭਾਈ ਨੂੰ ਨਿਕੁਲ ਸਿੰਘ ਨੂੰ 60 ਲੱਖ ਰੁਪਏ ਨਕਦ ਦੇਣ ਲਈ ਕਿਹਾ। ਐਫ਼.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਇਸ ਦੇ ਲਈ ਸ਼ਿਕਾਇਤਕਰਤਾ ਨੇ ਕਰਜ਼ਾ ਲਿਆ ਅਤੇ ਭੁਗਤਾਨ ਕਰਨ ਲਈ ਅਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਪੈਸੇ ਉਧਾਰ ਲਏ।
ਪੈਸਿਆਂ ਦਾ ਇੰਤਜ਼ਾਮ ਕਰਨ ਤੋਂ ਬਾਅਦ ਨਿਕੁਲ ਸਿੰਘ ਅਤੇ ਅਰਜੁਨ ਸਿੰਘ ਨੇ 23 ਮਾਰਚ ਨੂੰ ਵਿਜਾਪੁਰ ਦੇ ਇਕ ਮੰਦਰ ਕੋਲ ਨਕਦੀ ਲਈ। ਜਦੋਂ ਕਿ ਤੀਜਾ ਏਜੰਟ ਸਚਿਨ ਕੈਨੇਡਾ ਵਿਚ ਰਹਿ ਕੇ ਸਰਹੱਦ ਪਾਰ ਕਰਨ ਦਾ ਪ੍ਰਬੰਧ ਕਰਦਾ ਸੀ। ਪੈਸੇ ਲੈਂਦੇ ਸਮੇਂ ਦੋਵਾਂ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਸਚਿਨ ਚੌਧਰੀ ਪ੍ਰਵਾਰ ਨੂੰ ਟੈਕਸੀ ਵਿਚ ਅਮਰੀਕਾ ਲੈ ਜਾਵੇਗਾ। ਬਾਅਦ ਵਿਚ ਸਚਿਨ ਜੋ ਪ੍ਰਵਾਰ ਦੇ ਨਾਲ ਸੀ, ਨੇ ਯੋਜਨਾ ਬਦਲ ਦਿਤੀ ਅਤੇ ਪ੍ਰਵੀਨਭਾਈ ਨੂੰ ਕਿਹਾ ਕਿ ਉਨ੍ਹਾਂ ਨੂੰ ਕਿਸ਼ਤੀ ਵਿਚ ਸਰਹੱਦ ਪਾਰ ਕਰਨੀ ਪਵੇਗੀ। ਉਸ ਸਮੇਂ ਇਲਾਕੇ ਦੇ ਖ਼ਰਾਬ ਮੌਸਮ ਨੂੰ ਦੇਖਦੇ ਹੋਏ ਪ੍ਰਵਾਰ ਨੇ ਤੁਰੰਤ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਇਸ ਦੇ ਬਾਵਜੂਦ ਸਚਿਨ ਨੇ ਦਾਅਵਾ ਕੀਤਾ ਕਿ ਉਹ ਸਿਰਫ਼ ਪੰਜ ਤੋਂ ਸੱਤ ਮਿੰਟਾਂ ਵਿਚ ਦੂਜੇ ਪਾਸੇ ਪਹੁੰਚ ਜਾਵੇਗਾ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇੰਨਾ ਹੀ ਨਹੀਂ ਸਚਿਨ ਨੇ ਇਹ ਵੀ ਕਿਹਾ ਕਿ ਜੇਕਰ ਉਹ ਕਿਸ਼ਤੀ ਰਾਹੀਂ ਸਰਹੱਦ ਪਾਰ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਅਜਿਹਾ ਮੌਕਾ ਦੁਬਾਰਾ ਨਹੀਂ ਮਿਲੇਗਾ। ਇਸ ਤੋਂ ਬਾਅਦ ਪ੍ਰਵਾਰ ਨੂੰ ਕਿਸ਼ਤੀ 'ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ।
ਐਫ਼.ਆਈ.ਆਰ. ਵਿਚ ਅੱਗੇ ਕਿਹਾ ਗਿਆ ਹੈ ਕਿ 30 ਮਾਰਚ ਨੂੰ ਕਿਸ਼ਤੀ ਵਿਚ ਸਵਾਰ ਹੋਣ ਤੋਂ ਬਾਅਦ, ਵਿਧੀ ਨੇ ਅਸ਼ਵਿਨ ਭਾਈ ਨੂੰ ਸੁਨੇਹਾ ਦਿਤਾ ਕਿ ਕਿਸ਼ਤੀ ਦਾ ਇੰਜਣ ਕਈ ਵਾਰ ਅੱਧ ਵਿਚਕਾਰ ਬੰਦ ਹੋ ਗਿਆ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਅਸ਼ਵਿਨਭਾਈ ਦਾ ਪ੍ਰਵਾਰ ਨਾਲ ਸੰਪਰਕ ਟੁੱਟ ਗਿਆ। ਐਫ਼.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਜਦੋਂ ਅਸ਼ਵਿਨਭਾਈ ਨੇ ਪ੍ਰਵਾਰ ਦੀ ਸਥਿਤੀ ਜਾਣਨ ਲਈ ਨਿਕੁਲਸਿੰਘ ਨਾਲ ਸੰਪਰਕ ਕੀਤਾ ਤਾਂ ਨਿਕੁਲਸਿੰਘ ਨੇ ਪਹਿਲਾਂ ਕੋਈ ਨਾ ਕੋਈ ਬਹਾਨਾ ਬਣਾਇਆ ਅਤੇ ਫਿਰ ਆਪਣਾ ਫ਼ੋਨ ਬੰਦ ਕਰ ਦਿਤਾ ਅਤੇ ਅਰਜੁਨ ਸਿੰਘ ਨਾਲ ਰੂਪੋਸ਼ ਹੋ ਗਿਆ।
ਦੱਸ ਦਈਏ ਕਿ ਕੈਨੇਡਾ ਦੀ ਸਰਹੱਦ 'ਤੇ ਵਾਪਰੀ ਇਸ ਘਟਨਾ ਬਾਰੇ ਕੈਨੇਡੀਅਨ ਪੁਲਿਸ ਨੇ ਜਾਣਕਾਰੀ ਦਿਤੀ ਸੀ ਕਿ 30 ਮਾਰਚ ਨੂੰ ਕੈਨੇਡਾ ਦੇ ਕਿਊਬਿਕ ਅਤੇ ਅਮਰੀਕਾ ਦੇ ਨਿਊਯਾਰਕ ਵਿਚਕਾਰ ਸੇਂਟ ਲਾਰੈਂਸ ਨਦੀ ਦੇ ਕੰਢੇ ਤੋਂ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਚਾਰ ਮ੍ਰਿਤਕਾਂ ਦਾ ਅੰਤਿਮ ਸਸਕਾਰ ਬਾਅਦ ਵਿਚ 10 ਅਪ੍ਰੈਲ ਨੂੰ ਕੈਨੇਡਾ ਵਿਚ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਦੀ ਮਦਦ ਨਾਲ ਕੀਤਾ ਗਿਆ ਸੀ।