
ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ’ਚ ਸ਼ਾਮਲ ਹੋਣ ਲਈ ਭਾਰਤ ਪਹੁੰਚੇ ਹਨ ਬਿਲਾਵਲ ਭੁੱਟੋ
ਗੋਆ: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦਾ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ’ਚ ਸਵਾਗਤ ਕੀਤਾ। ਇਸ ਦੌਰਾਨ ਦੋਹਾਂ ਵਿਚਾਲੇ ਕੋਈ ਦੁਵੱਲੀ ਗੱਲਬਾਤ ਨਹੀਂ ਹੋਈ। ਬਿਲਾਵਲ ਭੁੱਟੋ ਸ਼ੰਘਾਈ ਸਹਿਯੋਗ ਸੰਗਠਨ ਦੇ ਇਕ ਸੰਮੇਲਨ ਵਿਚ ਹਿੱਸਾ ਲੈਣ ਲਈ ਬੀਤੇ ਦਿਨ ਗੋਆ ਪਹੁੰਚੇ ਅਤੇ ਇਸ ਦੇ ਨਾਲ ਹੀ ਉਹ ਕਰੀਬ 12 ਸਾਲ ਵਿਚ ਭਾਰਤ ਦੀ ਯਾਤਰਾ ਕਰਨ ਵਾਲੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ ਬਣ ਗਏ। ਇਹ 2011 ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਤੋਂ ਭਾਰਤ ਦੀ ਪਹਿਲੀ ਅਜਿਹੀ ਉਚ ਪਧਰੀ ਯਾਤਰਾ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਸੁਰੱਖਿਆ ਕਟੌਤੀ ਨੂੰ ਲੈ ਕੇ ਹੋਈ ਸੁਣਵਾਈ, ਸਰਕਾਰ ਨੇ ਸਮੀਖਿਆ ਲਈ ਮੰਗਿਆ ਸਮਾਂ
ਐਸ. ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਵਿਚ ਕੀ ਕਿਹਾ?
ਇਸ ਮੀਟਿੰਗ ਵਿਚ ਭਾਰਤੀ ਵਿਦੇਸ਼ ਮੰਤਰੀ ਸ. ਜੈਸ਼ੰਕਰ ਨੇ ਕਿਹਾ ਹੈ ਕਿ ਅਤਿਵਾਦ ਨੂੰ ਹਰ ਹਾਲ 'ਚ ਰੋਕਣਾ ਹੋਵੇਗਾ। ਜੈਸ਼ੰਕਰ ਨੇ ਕਿਹਾ, "ਅਤਿਵਾਦ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਾਡਾ ਮੰਨਣਾ ਹੈ ਕਿ ਅਤਿਵਾਦ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਇਸ ਨੂੰ ਹਰ ਰੂਪ 'ਚ ਰੋਕਿਆ ਜਾਣਾ ਚਾਹੀਦਾ ਹੈ, ਜਿਸ 'ਚ ਸੀਮਾ ਪਾਰ ਅਤਿਵਾਦ ਵੀ ਸ਼ਾਮਲ ਹੈ। ਅਤਿਵਾਦ ਨਾਲ ਨਜਿਠਣਾ ਐਸ.ਸੀ.ਓ. ਦੇ ਮੁੱਖ ਉਦੇਸ਼ਾਂ 'ਚੋਂ ਇਕ ਹੈ”।
ਇਹ ਵੀ ਪੜ੍ਹੋ: ਖ਼ੁਦ ਦੀ ਸਰਵਿਸ ਰਿਵਾਲਵਰ 'ਚੋਂ ਗੋਲੀ ਚੱਲਣ ਨਾਲ ਮਹਿਲਾ ਸਬ-ਇੰਸਪੈਕਟਰ ਹੋਈ ਜਖ਼ਮੀ
ਅੰਗਰੇਜ਼ੀ ਨੂੰ ਐਸ.ਸੀ.ਓ. ਦੀ ਅਧਿਕਾਰਤ ਭਾਸ਼ਾ ਦਾ ਦਰਜਾ ਦਿਤੇ ਜਾਣ ਦੀ ਮੰਗ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ, "ਇਸ ਮੀਟਿੰਗ ਵਿਚ ਮੈਨੂੰ ਖੁਸ਼ੀ ਹੈ ਕਿ ਐਸ.ਸੀ.ਓ. ਵਿਚ ਸੁਧਾਰ ਅਤੇ ਨਵੀਨੀਕਰਨ ਬਾਰੇ ਗੱਲਬਾਤ ਸ਼ੁਰੂ ਹੋ ਚੁਕੀ ਹੈ।" ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਆਹਮੋ-ਸਾਹਮਣੇ ਮੁਲਾਕਾਤ ਕੀਤੀ ਅਤੇ ਜੈਸ਼ੰਕਰ ਨੇ ਬੈਠਕ 'ਚ ਬਿਲਾਵਲ ਭੁੱਟੋ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਦਾ ਅਹਿਮ ਉਪਰਾਲਾ, ਹੁਣ ਸ਼ਾਹਮੁਖੀ ਵਿਚ ਵੀ ਪ੍ਰਕਾਸ਼ਤ ਕੀਤੀਆਂ ਜਾਣਗੀਆਂ ਕਿਤਾਬਾਂ
ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਐਸ.ਏ.ਸੀ.ਓ. ਦੇ ਜਨਰਲ ਸਕੱਤਰ ਝਾਂਗ ਮਿੰਗ ਦਾ ਵੀ ਸਵਾਗਤ ਕੀਤਾ। ਇਸ ਬੈਠਕ 'ਚ ਕਿਰਗਿਸਤਾਨ, ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਤਜ਼ਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਹਿੱਸਾ ਲੈ ਰਹੇ ਹਨ। ਸਾਲ 2001 ਵਿਚ ਬਣੀ ਇਸ ਸੰਸਥਾ ਦਾ ਉਦੇਸ਼ ਸੁਰੱਖਿਆ ਸਹਿਯੋਗ, ਨਸਲੀ ਅਤੇ ਧਾਰਮਿਕ ਕੱਟੜਵਾਦ ਦਾ ਮੁਕਾਬਲਾ ਕਰਨਾ ਅਤੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣਾ ਹੈ।