
ਅਤਿਵਾਦੀਆਂ ਨੇ ਚਲਾਈਆਂ ਗੋਲੀਆਂ, ਔਰਤ ਦੀ ਮੌਤ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁੱਝ ਇਲਾਕਿਆਂ ਵਿਚ ਈਦ ਦੀ ਨਮਾਜ਼ ਮਗਰੋਂ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਈਆਂ। ਅਧਿਕਾਰੀਆਂ ਨੇ ਦਸਿਆ ਕਿ ਝੜਪਾਂ ਵਿਚ ਫ਼ਿਲਹਾਲ ਕਿਸੇ ਨੂੰ ਸੱਟ ਵੱਜਣ ਦੀ ਖ਼ਬਰ ਨਹੀਂ ਹੈ। ਉਨ੍ਹਾਂ ਦਸਿਆ ਕਿ ਨਮਾਜ਼ ਮਗਰੋਂ ਸ਼ਹਿਰ ਦੇ ਕੁੱਝ ਹਿੱਸਿਆਂ ਵਿਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਕੀਤਾ। ਅਜਿਹੀਆਂ ਹੀ ਘਟਨਾਵਾਂ ਦਖਣੀ ਕਸ਼ਮੀਰ ਦੇ ਅਨੰਤਨਾਗ ਅਤੇ ਉੱਤਰੀ ਕਸ਼ਮੀਰ ਦੇ ਸੋਪੋਰ ਵਿਚ ਵੀ ਵਾਪਰੀਆਂ।
ਇਸੇ ਦੌਰਾਨ ਈਦ ਵਾਲੇ ਦਿਨ ਅਤਿਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਇਕ ਘਰ ਵਿਚ ਦਾਖ਼ਲ ਹੋ ਕੇ ਗੋਲੀਆਂ ਚਲਾ ਦਿਤੀਆਂ ਜਿਸ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਇਸ ਘਰ ਵਿਚ ਲੋਕ ਈਦ ਦੀਆਂ ਖ਼ੁਸ਼ੀਆਂ ਮਨਾ ਰਹੇ ਸਨ। ਪੁਲਿਸ ਨੇ ਦਸਿਆ ਕਿ ਅਤਿਵਾਦੀਆਂ ਨੇ ਪੁਲਵਾਮਾ ਜ਼ਿਲ੍ਹੇ ਵਿਚ ਸਿੰਗੂ-ਨਰਬਾਲ ਇਲਾਕੇ ਵਿਚ ਔਰਤ ਅਤੇ ਪੁਰਸ਼ 'ਤੇ ਗੋਲੀਆਂ ਚਲਾਈਆਂ ਜਿਸ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਪੁਰਸ਼ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਮ੍ਰਿਤਕ ਮਹਿਲਾ ਦੀ ਪਛਾਣ ਨਗੀਨਾ ਬਾਨੋ ਦੇ ਤੌਰ 'ਤੇ ਹੋਈ ਹੈ। ਅਧਿਕਾਰੀਆਂ ਨੇ ਦਸਿਆ ਕਿ ਈਦ ਦੀ ਨਮਾਜ਼ ਤੋਂ ਬਾਅਦ ਪੁਰਾਣੇ ਸ਼ਹਿਰ ਦੇ ਕੁੱਝ ਹਿੱਸਿਆਂ ਵਿਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪ ਹੋ ਗਈ। ਉਤਰੀ ਕਸ਼ਮੀਰ ਦੇ ਸੋਪੋਰ ਅਤੇ ਦਖਣੀ ਕਸ਼ਮੀਰ ਦੇ ਅਨੰਤਨਾਗ ਵਿਚ ਵੀ ਝੜਪ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਨੌਹੱਟਾ ਵਿਚ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਅਤੇ ਮਾਰੇ ਗਏ ਅਤਿਵਾਦੀ ਜ਼ਾਕਿਰ ਮੂਸਾ ਦੇ ਸਮਰਥਨ ਵਿਚ ਬੈਨਰ ਫੜੇ ਹੋਏ ਸਨ
ਅਤੇ ਨਾਹਰੇ ਲਾ ਰਹੇ ਸਨ ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਹੀਂ ਕਰ ਰਹੀ। ਸੂਬੇ ਵਿਚ ਈਦ ਦਾ ਤਿਉਹਾਰ ਕਾਫ਼ੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਵੇਰ ਤੋਂ ਹੀ ਲੋਕ ਮਸਜਿਦਾਂ ਅਤੇ ਦਰਗਾਹਾਂ ਵਿਚ ਜਾ ਕੇ ਨਮਾਜ਼ ਪੜ੍ਹਦੇ ਹਨ।