
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਹੱਥ ਵਿਚ ਦੇਸ਼ ਸੁਰੱਖਿਅਤ ਨਹੀਂ.........
ਅਮੇਠੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਹੱਥ ਵਿਚ ਦੇਸ਼ ਸੁਰੱਖਿਅਤ ਨਹੀਂ। ਰਾਹੁਲ ਨੇ ਕਿਹਾ, 'ਡੋਕਲਾਮ ਦੇ ਹਾਲਾਤ ਠੀਕ ਨਹੀਂ ਹਨ। ਪਾਕਿਸਤਾਨ ਦੀਆਂ ਹਰਕਤਾਂ ਤੁਸੀਂ ਵੇਖ ਰਹੇ ਹੋ। ਮੋਦੀ ਦੇ ਹੱਥਾਂ ਵਿਚ ਦੇਸ਼ ਸੁਰੱਖਿਅਤ ਨਹੀਂ ਹੈ। ਰਾਹੁਲ ਨੇ ਕਾਂਗਰਸ ਦੇ ਗ੍ਰਾਮ ਸਭਾ ਪ੍ਰਧਾਨਾਂ ਦੀ ਬੈਠਕ ਦੌਰਾਨ ਸ਼ਕਤੀ ਪੋਰਟਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਐਪ ਨਾਲ ਕਾਂਗਰਸ ਦਾ ਹਰ ਕਾਰਕੁਨ ਜੁੜੇਗਾ। ਇਸ ਵਿਚ ਆਧਾਰ ਕਾਰਡ ਅਤੇ ਵੋਟਰ ਆਈ ਡੀ ਜੋੜਦਿਆਂ ਹੀ ਸੰਗਠਨ ਦੀ ਮੁੱਖ ਧਾਰਾ ਨਾਲ ਜੁੜ ਜਾਣਗੇ।
ਇਸ ਰਾਹੀਂ ਪਾਰਟੀ ਕਾਰਕੁਨਾਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਹੋਵੇਗਾ।' ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪਿੰਡ ਪੱਧਰ ਤਕ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, 'ਅਸੀਂ ਬਹੁਤ ਕੁੱਝ ਕਰਦੇ ਹਾਂ ਪਰ ਅਪਣੀ ਗੱਲ ਮਜ਼ਬੂਤੀ ਨਾਲ ਰੱਖਣ ਵਿਚ ਕੰਜੂਸੀ ਕਰਦੇ ਹਾਂ ਜਿਸ ਦਾ ਲਾਭ ਦੂਜੇ ਲੋਕ ਚੁੱਕ ਲੈਂਦੇ ਹਨ। ਰਾਹੁਲ ਨੇ ਕਿਹਾ ਕਿ ਇਸ ਗੱਲ ਦੀ ਲੋੜ ਹੈ ਕਿ ਅਸੀਂ ਸਮਾਜ ਦੇ ਹਰ ਵਿਅਕਤੀ ਦੇ ਸਹਿਯੋਗੀ ਬਣੀਏ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਮਜ਼ਬੂਤੀ ਨਾਲ ਉਨ੍ਹਾਂ ਸਾਹਮਣੇ ਰਖੀਏ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਬੈਠਕ ਰਾਹੀਂ ਰਾਹੁਲ ਨੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਕਾਂਗਰਸ ਪਾਰਟੀ ਦੀ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਹੈ। (ਏਜੰਸੀ)