
ਗੌਤਮ ਦੀ ਮੰਨੀ ਜਾਵੇ ਤਾਂ ਪਾਰਟੀ ਲੋੜੀਂਦੇ ਮੁੱਦਿਆਂ ਨੂੰ ਭੁਲਾ ਕੇ ਧਾਰਮਿਕ ਮੁੱਦਿਆਂ ਵੱਲ ਧਿਆਨ ਦੇ ਰਹੀ ਹੈ।
ਨਵੀਂ ਦਿੱਲੀ : ਲੋਕਸਭਾ ਚੋਣਾਂ ਤੋਂ ਪਹਿਲਾਂ ਪੰਜ ਰਾਜਾਂ ਵਿਚ ਭਾਜਪਾ ਦੀ ਹਾਰ ਤੋਂ ਬਾਅਦ ਪਾਰਟੀ ਮੁਖੀ ਨੂੰ ਸਲਾਹਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਕਿਰਿਆਸੀਲ ਰਾਜਨੀਤੀ ਤੋ ਦੂਰ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਸੰਘਪ੍ਰਿਯ ਗੌਤਮ ਨੇ ਕਿਹਾ ਹੈ ਕਿ ਭਾਜਪਾ ਨੂੰ 2019 ਵਿਚ ਸੱਤਾ ਵਿਚ ਵਾਪਸੀ ਲਈ ਅਪਣੇ ਕੰਮਕਾਜ ਦੀ ਪ੍ਰਣਾਲੀ ਵਿਚ ਬਦਲਾਅ ਕਰਨਾ ਪਵੇਗਾ। ਗੌਤਮ ਦੀ ਮੰਨੀ ਜਾਵੇ ਤਾਂ ਪਾਰਟੀ ਲੋੜੀਂਦੇ ਮੁੱਦਿਆਂ ਨੂੰ ਭੁਲਾ ਕੇ ਧਾਰਮਿਕ ਮੁੱਦਿਆਂ ਵੱਲ ਧਿਆਨ ਦੇ ਰਹੀ ਹੈ।
PM Modi & Amit Shah
ਗੌਤਮ ਨੇ ਪਾਰਟੀ ਮੁਖੀ ਨੂੰ ਇਸ ਬਾਬਤ ਚਿੱਠੀ ਲਿਖ ਕੇ ਪਾਰਟੀ ਵਿਚ ਬਦਲਾਅ ਕਰਨ ਨੂੰ ਕਿਹਾ ਹੈ। ਗੌਤਮ ਮੁਤਾਬਕ ਪਾਰਟੀ ਦੀ ਸੱਤਾ ਵਿਚ ਵਾਪਸੀ ਮੁਸ਼ਕਲ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਵਿਧਾਨਸਭਾ ਚੋਣਾਂ ਦੀ ਹਾਰ ਤੋਂ ਬਾਅਦ ਅਮਿਤ ਸ਼ਾਹ ਅਤੇ ਪੀਐਮ ਮੋਦੀ ਦੀ ਜੋੜੀ ਦਾ ਜਾਦੂ ਚਲਦਾ ਨਜ਼ਰ ਨਹੀਂ ਆ ਰਿਹਾ ਹੈ। ਪਾਰਟੀ ਨੂੰ ਚਾਹੀਦਾ ਹੈ ਕਿ ਸ਼ਿਵਰਾਜ ਚੌਹਾਨ ਨੂੰ ਭਾਜਪਾ ਦਾ ਰਾਸ਼ਟਰੀ ਮੁਖੀ ਅਤੇ ਕੇਂਦਰੀ ਮੰਤਰੀ ਨੀਤਿਨ ਗਡਕਰੀ ਨੂੰ ਉਪ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ।
BJP
ਗੌਤਮ ਨੇ ਕਿਹਾ ਕਿ ਰਾਜਨਾਥ ਸਿੰਘ ਨੂੰ ਉਤਰ ਪ੍ਰਦੇਸ਼ ਦਾ ਮੁਖ ਮੰਤਰੀ ਬਣਾ ਕੇ ਯੋਗੀ ਆਦਿੱਤਯਨਾਥ ਨੂੰ ਧਾਰਮਿਕ ਕੰਮਾਂ ਵਿਚ ਲਗਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਯੋਜਨਾ ਆਯੋਗ ਦਾ ਨਾਮ ਬਦਲਣ ਲਈ, ਸੀਬੀਆਈ ਅਤੇ ਆਰਬੀਆਈ ਦੇ ਕੰਮਾਂ ਵਿਚ ਸਰਕਾਰ ਦੇ ਦਖਲ ਅਤੇ ਉਤਰਾਖੰਡ ਵਿਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੇ ਫ਼ੈਸਲਿਆਂ 'ਤੇ ਭਾਜਪਾ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ।
Rajnath Singh
ਨਾਲ ਹੀ ਗੋਆ ਅਤੇ ਮਣਿਪੁਰ ਵਿਚ ਜੋੜ-ਤੋੜ ਕਰ ਕੇ ਸਰਕਾਰ ਬਣਾਉਣ ਦੇ ਫ਼ੈਸਲੇ ਨੂੰ ਵੀ ਨਿੰਦਣਯੋਗ ਕਰਾਰ ਦਿਤਾ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੌਜਵਾਨਾਂ, ਕਿਸਾਨਾਂ ਅਤੇ ਦੇਸ਼ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿਚ ਕਾਮਯਾਬ ਨਹੀਂ ਹੋਈ।