
ਕਿਹਾ, ਜੁਲਾਈ 2021 ਤਕ ਸੁਧਾਰ ਪਟੀਸ਼ਨ ਤੇ ਰਹਿਮ ਪਟੀਸ਼ਨ ਦਾਖ਼ਲ ਕਰਨ ਦੀ ਆਗਿਆ ਮਿਲੇ
ਨਵੀਂ ਦਿੱਲੀ : ਨਿਰਭਿਆ ਸਮੂਹਕ ਬਲਾਤਕਾਰ ਅਤੇ ਹਤਿਆ ਮਾਮਲੇ ਦੇ ਚਾਰ ਦੋਸ਼ੀਆਂ ਵਿਚੋਂ ਇਕ ਮੁਕੇਸ਼ ਸਿੰਘ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਕਾਨੂੰਨੀ ਉਪਾਅ ਬਹਾਲ ਕਰਨ ਦੀ ਬੇਨਤੀ ਕੀਤੀ ਹੈ। ਦੋਸ਼ੀ ਦਾ ਕਹਿਣਾ ਹੈ ਕਿ ਉਸ ਦੇ ਵਕੀਲ ਨੇ ਉੁਸ ਨੂੰ ਗੁਮਰਾਹ ਕੀਤਾ ਸੀ।
Photo
ਵਕੀਲ ਮਨੋਹਰ ਲਾਲ ਸ਼ਰਮਾ ਜ਼ਰੀਏ ਦਾਖ਼ਲ ਪਟੀਸ਼ਨ ਵਿਚ ਮੁਕੇਸ਼ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ, ਦਿੱਲੀ ਸਰਕਾਰ ਅਤੇ ਅਦਾਲਤੀ ਮਿੱਤਰ ਦੀ ਭੂਮਿਕਾ ਨਿਭਾਉਣ ਵਾਲੀ ਵਕੀਲ ਵਰਿੰਦਾ ਗਰੋਵਰ ਨੇ 'ਅਪਰਾਧਕ ਸਾਜ਼ਸ਼ ਰਚੀ ਅਤੇ ਧੋਖਾ ਕੀਤਾ ਜਿਸ ਦੀ ਸੀਬੀਆਈ ਤੋਂ ਜਾਂਚ ਕਰਾਉਣੀ ਚਾਹੀਦੀ ਹੈ।
Photo
ਹੇਠਲੀ ਅਦਾਲਤ ਨੇ ਵੀਰਵਾਰ ਨੂੰ ਨਵਾਂ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਮੁਕੇਸ਼ ਸਿੰਘ, ਪਵਨ ਗੁਪਤਾ, ਵਿਨੇ ਸ਼ਰਮਾ ਅਤੇ ਅਕਸ਼ੇ ਕੁਮਾਰ ਸਿੰਘ ਨੂੰ 20 ਮਾਰਚ ਦੀ ਸਵੇਰੇ ਸਾਢੇ ਪੰਜ ਵਜੇ ਮੌਤ ਹੋਣ ਤਕ ਫਾਂਸੀ 'ਤੇ ਲਟਕਾਇਆ ਜਾਵੇ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਟੀਸ਼ਨਕਾਰ ਮੁਕੇਸ਼ ਗ੍ਰਹਿ ਮੰਤਰਾਲੇ, ਦਿੱਲੀ ਸਰਕਾਰ ਅਤੇ ਵਰਿੰਦਾ ਗਰੋਵਰ ਤੇ ਪਟੀਸ਼ਨਕਾਰ ਦੀ ਸਜ਼ਾ 'ਤੇ ਅਮਲ ਸਬੰਧੀ ਹੁਕਮ ਦੇ ਮਾਮਲੇ ਵਿਚ ਸੈਸ਼ਨ ਅਦਾਲਤ, ਹਾਈ ਕੋਰਟ ਅਤੇ ਸਿਖਰਲੀ ਅਦਾਲਤ ਵਿਚ ਪੇਸ਼ ਹੋਏ ਹੋਰ ਵਕੀਲਾਂ ਦੁਆਰਾ ਸਾਂਝੇ ਰੂਪ ਵਿਚ ਰਚੀ ਗਈ ਅਪਰਾਧਕ ਸਾਜ਼ਸ਼ ਅਤੇ ਧੋਖੇ ਦਾ ਸ਼ਿਕਾਰ ਹੈ।
Photo
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰਿਆਂ ਨੇ ਸੈਸ਼ਨ ਅਦਾਲਤ ਦੇ ਹੁਕਮ ਦਾ ਡਰਾਵਾ ਦੇ ਕੇ ਉਸ ਨੂੰ ਕਈ ਕਾਗ਼ਜ਼ਾਂ 'ਤੇ ਹਸਤਾਖਰ ਕਰਨ ਲਈ ਮਜਬੂਰ ਕਰ ਦਿਤਾ। ਉਸ ਨੇ ਦਾਅਵਾ ਕੀਤਾ ਕਿ ਨਜ਼ਰਸਾਨੀ ਪਟੀਸ਼ਨ ਰੱਦ ਹੋਣ ਦੀ ਤਰੀਕ ਦੇ ਤਿੰਨ ਸਾਲਾਂ ਅੰਦਰ ਸੁਧਾਰ ਪਟੀਸ਼ਨ ਰੱਦ ਕੀਤੀ ਜਾ ਸਕਦੀ ਹੈ ਅਤੇ ਇਸ ਲਈ, ਉਸ ਦੇ ਕਾਨੂੰਨੀ ਉਪਾਅ ਬਹਾਲ ਕੀਤੇ ਜਾਣ ਤੇ ਜੁਲਾਈ 2021 ਤਕ ਉਸ ਨੂੰ ਸੁਧਾਰ ਪਟੀਸ਼ਨ ਤੇ ਰਹਿਮ ਪਟੀਸ਼ਨ ਦਾਖ਼ਲ ਕਰਨ ਦੀ ਆਗਿਆ ਦਿਤੀ ਜਾਵੇ।