
ਪਰਵਾਰ ਵੱਲੋਂ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਦਰਜ ਕੀਤਾ ਮਾਮਲਾ
ਦੇਹਰਾਦੂਨ : ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ 'ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉੱਚੀ ਜਾਤ ਦੇ ਕੁਝ ਲੋਕਾਂ ਨੇ ਵਿਆਹ ਸਮਾਗਮ 'ਚ ਕੁਰਸੀ 'ਤੇ ਬੈਠ ਕੇ ਖਾਣ ਖਾਣ ਵਾਲੇ ਇਕ ਦਲਿਤ ਨੌਜਵਾਨ ਦੀ ਕਥਿਤ ਤੌਰ 'ਤੇ ਬੇਰਹਿਮੀ ਨਾਲ ਮਾਰਕੁੱਟ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਵਾਰ ਵੱਲੋਂ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ।
Uttarakhand : Dalit man beaten up at wedding by upper caste people
ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਜਤਿੰਦਰ ਦਾਸ (23) ਵਜੋਂ ਹੋਈ ਹੈ। ਉਸ ਦੇ ਪਰਵਾਰ ਦਾ ਕਹਿਣਾ ਹੈ ਕਿ ਬੀਤੀ 26 ਅਪ੍ਰੈਲ ਨੂੰ ਜਤਿੰਦਰ ਆਪਣੇ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਸ੍ਰੀਕੋਟ ਪਿੰਡ ਗਿਆ ਸੀ। ਸ੍ਰੀਕੋਟ ਪਿੰਡ ਟਿਹਰੀ ਗੜ੍ਹਵਾਲ ਜ਼ਿਲ੍ਹੇ ਦੇ ਨੈਨਬਾਗ ਤਹਿਸੀਲ ਅਧੀਨ ਆਉਂਦਾ ਹੈ। ਵਿਆਹ 'ਚ ਜਦੋਂ ਉਹ ਖਾਣਾ ਖਾ ਰਿਹਾ ਸੀ ਤਾਂ ਉਸ ਦੇ ਸਾਹਮਣੇ ਕੁਰਸੀ 'ਤੇ ਸਵਰਨ ਜਾਤ ਦੇ ਕੁਝ ਲੋਕ ਖਾਣਾ ਖਾ ਰਹੇ ਸਨ। ਇਸ ਦੌਰਾਨ ਜਦੋਂ ਜਤਿੰਦਰ ਨੂੰ ਕੁਰਸੀ ਤੋਂ ਉੱਠਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਤਿੰਦਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
File Photo
ਜਤਿੰਦਰ ਨੂੰ ਹਸਪਲਾਤ 'ਚ ਦਾਖ਼ਲ ਕਰਵਾਇਆ ਗਿਆ। 10 ਦਿਨ ਬਾਅਦ ਬੀਤੇ ਐਤਵਾਰ ਉਸ ਦੀ ਮੌਤ ਹੋ ਗਏ। ਜਤਿੰਦਰ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਵਾਰ ਅਤੇ ਪਿੰਡ ਵਾਸੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਸ ਮਗਰੋਂ ਪੁਲਿਸ ਨੇ 7 ਨਾਮਜ਼ਦ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
Uttarakhand : Dalit man beaten up at wedding by upper caste people
ਮ੍ਰਿਤਕ ਦੀ ਭੈਣ ਪੂਜਾ ਨੇ ਦੱਸਿਆ ਕਿ ਜਿਹੜੇ ਵਿਆਹ 'ਚ ਇਹ ਘਟਨਾ ਵਾਪਰੀ ਉਹ ਇਕ ਦਲਿਤ ਵਿਆਹ ਸੀ। ਪੂਜਾ ਨੇ ਦੱਸਿਆ ਕਿ ਉਸ ਦੇ ਭਰਾ ਦਾ ਸਿਰਫ਼ ਇੰਨਾ ਹੀ ਕਸੂਰ ਸੀ ਕਿ ਉਸ ਨੇ ਮੇਜ-ਕੁਰਸੀ 'ਤੇ ਬੈਠ ਕੇ ਖਾਣਾ ਖਾਧਾ ਸੀ। ਉਸ ਦੇ ਸਾਹਮਣੇ ਸਵਰਨ ਜਾਤੀ ਦੇ ਲੋਕ ਬੈਠੇ ਸਨ। ਇਸ ਕਾਰਨ ਸਵਰਨ ਜਾਤੀ ਦੇ ਲੋਕ ਗੁੱਸੇ 'ਚ ਆ ਗਏ। ਉਨ੍ਹਾਂ ਕਿਹਾ ਕਿ ਇਹ ਛੋਟੀ ਜਾਤ ਦਾ ਸਾਡੇ ਨਾਲ ਖਾਣਾ ਨਹੀਂ ਖਾ ਸਕਦਾ। ਪੂਜਾ ਨੇ ਦੱਸਿਆ ਕਿ ਉਸ ਦਾ ਭਰਾ ਪਰਿਵਾਰ 'ਚ ਇਕੱਲਾ ਕਮਾਉਣ ਵਾਲਾ ਸੀ। ਘਰ 'ਚ ਇਕ ਛੋਟਾ ਭਰਾ, ਭੈਣ ਅਤੇ ਵਿਧਵਾ ਮਾਂ ਹੈ। ਹੁਣ ਪੂਰੇ ਘਰ ਦੀ ਜ਼ਿੰਮੇਵਾਰੀ ਭੈਣ 'ਤੇ ਆ ਗਈ ਹੈ।