ਮਾਰਚ 2016 ’ਚ ਸਿਨਹਾ ਨੂੰ ਐੱਸ.ਪੀ.ਜੀ. ਦਾ ਮੁਖੀ ਬਣਾਇਆ ਗਿਆ ਸੀ
ਨਵੀਂ ਦਿੱਲੀ: ਵਿਸ਼ੇਸ਼ ਸੁਰਖਿਆ ਸਮੂਹ (ਐੱਸ.ਪੀ.ਜੀ.) ਦੇ ਡਾਇਰੈਕਟਰ ਅਰੁਣ ਕੁਮਾਰ ਸਿਨਹਾ ਦੀ ਬੁਧਵਾਰ ਨੂੰ ਗੁੜਗਾਉਂ ਦੇ ਇਕ ਹਸਪਤਾਲ ’ਚ ਮੌਤ ਹੋ ਗਈ। ਉਹ 61 ਸਾਲਾਂ ਦੇ ਸਨ।
ਸਿਨਹਾ 1987 ਬੈਚ ਦੇ ਕੇਰਲ ਕੇਡਰ ਦੇ ਭਾਰਤੀ ਪੁਲਿਸ ਸੇਵਾ (ਆਈ.ਪੀ.ਐੱਸ.) ਅਧਿਕਾਰੀ ਸਨ। ਉਨ੍ਹਾਂ ਨੂੰ 31 ਮਈ ਨੂੰ ਸੇਵਾ ’ਚ ਇਕ ਸਾਲ ਦਾ ਵਿਸਤਾਰ ਦਿਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਗੁਰੂਗ੍ਰਾਮ ਦੇ ਇਕ ਮਲਟੀ-ਸਪੈਸ਼ੈਲਿਟੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ।
ਐੱਸ.ਪੀ.ਜੀ. ਪ੍ਰਧਾਨ ਮੰਤਰੀ ਨੂੰ ਹਥਿਆਰਬੰਦ ਸੁਰਖਿਆ ਪ੍ਰਦਾਨ ਕਰਦੀ ਹੈ।
ਪੁਲਿਸ ਮਹਾਨਿਰਦੇਸ਼ਕ ਦੇ ਅਹੁਦੇ ਅਤੇ ਤਨਖ਼ਾਹ ’ਚ 31 ਮਈ, 2024 ਤਕ ‘ਕਰਾਰ ਦੇ ਆਧਾਰ ’ਤੇ’ ਐੱਸ.ਪੀ.ਜੀ. ਦੇ ਮੁਖੀ ਦੇ ਰੂਪ ’ਚ ਸੇਵਾ ਦੇਣ ਲਈ ਨਾਮਜ਼ਦ ਕੀਤੇ ਗਏ ਸਿਨਹਾ ਨੂੰ ਮਾਰਚ 2016 ’ਚ ਇਸ ਦਾ ਮੁਖੀ ਬਣਾਇਆ ਗਿਆ ਸੀ।
ਉਨ੍ਹਾਂ ਦੀ ਮੌਤ ’ਤੇ ਸੋਗ ਪ੍ਰਗਟ ਕਰਦੇ ਹੋਏ, ਇੰਡੀਅਨ ਪੁਲਿਸ ਸਰਵਿਸ (ਆਈ.ਪੀ.ਐੱਸ.) ਐਸੋਸੀਏਸ਼ਨ ਨੇ ਕਿਹਾ, ‘‘ਐਸ.ਪੀ.ਜੀ. ਡਾਇਰੈਕਟਰ ਅਰੁਣ ਕੁਮਾਰ ਸਿਨਹਾ (ਆਈ.ਪੀ.ਐੱਸ. 1987 ਕੇਰਲਾ) ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰਦੇ ਹੋਏ ਸਾਡਾ ਮਨ ਬਹੁਤ ਦੁਖੀ ਹੈ। ਉਨ੍ਹਾਂ ਦੀ ਡਿਊਟੀ ਪ੍ਰਤੀ ਅਟੁੱਟ ਵਚਨਬੱਧਤਾ ਅਤੇ ਮਿਸਾਲੀ ਲੀਡਰਸ਼ਿਪ ਹਮੇਸ਼ਾ ਸਾਨੂੰ ਪ੍ਰੇਰਿਤ ਕਰਦੀ ਰਹੇਗੀ।’’
ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ’ਚ ਕਿਹਾ ਗਿਆ, ‘‘ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਪ੍ਰਤੀ ਅਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਉਨ੍ਹਾਂ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਮਿਲੇ।’’ ਸਿਨਹਾ ਇਸ ਤੋਂ ਪਹਿਲਾਂ ਅਪਣੇ ਕੇਡਰ ਰਾਜ ਕੇਰਲ ਅਤੇ ਕੇਂਦਰ ’ਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ’ਚ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾ ਚੁੱਕੇ ਹਨ।
ਐੱਸ.ਪੀ.ਜੀ. ਦੀ ਸਥਾਪਨਾ 1985 ’ਚ ਹੋਈ ਸੀ। ਇਸ ਸਮੇਂ ਇਸ ’ਚ ਲਗਭਗ ਤਿੰਨ ਹਜ਼ਾਰ ਕਰਮਚਾਰੀ ਹਨ। ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਵੀ ਸਿਨਹਾ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ।
ਉਨ੍ਹਾਂ ਤੋਂ ਇਲਾਵਾ, ਸੂਬੇ ਦੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸਨ ਨੇ ਵੀ ਮਰਹੂਮ ਐਸ.ਪੀ.ਜੀ. ਡਾਇਰੈਕਟਰ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਿਨਹਾ ਇਕ ਕੁਸ਼ਲ ਅਧਿਕਾਰੀ ਸਨ ਜਿਨ੍ਹਾਂ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮਿਸਾਲੀ ਕਦਮ ਚੁੱਕੇ। ਸੂਬਾ ਪੁਲਿਸ ਨੇ ਵੀ ਸਿਨਹਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।