
ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ 'ਸ਼ਸਤਰ ਪੂਜਾ' ਅਤੇ ਉਡਾਉਣਗੇ ਰਾਫ਼ੇਲ
ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਸਾਲ ਦੁਸ਼ਹਿਰੇ ਮੌਕੇ ਫ਼ਰਾਂਸ ਦੀ ਰਾਜਧਾਨੀ ਪੈਰਿਸ 'ਚ ਸਸ਼ਤਰ ਪੂਜਾ (ਹਥਿਆਰਾਂ ਦੀ ਪੂਜਾ) ਕਰਨਗੇ। ਇਸ ਦੌਰਾਨ ਉਹ ਭਾਰਤੀ ਹਵਾਈ ਫ਼ੌਜ ਲਈ 8 ਅਕਤੂਬਰ ਨੂੰ ਫ਼ਰਾਂਸ ਤੋਂ ਪਹਿਲਾ ਰਾਫ਼ੇਲ ਵੀ ਹਾਸਲ ਕਰਨਗੇ। ਰਾਜਨਾਥ ਸਿੰਘ ਆਪਣੀ ਇਸ ਯਾਤਰਾ ਦੌਰਾਨ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਮੁਲਾਕਾਤ ਕਰ ਸਕਦੇ ਹਨ।
Rafale
ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਹਰ ਸਾਲ ਦੁਸ਼ਹਿਰ ਮੌਕੇ ਹਥਿਆਰਾਂ ਦੀ ਪੂਜਾ ਕਰਦੇ ਰਹੇ ਹਨ। ਇਸ ਵਾਰ ਉਹ ਫ਼ਰਾਂਸ 'ਚ ਰਹਿਣਗੇ ਅਤੇ ਉਥੇ ਵੀ ਇਸ ਪਰੰਪਰਾ ਨੂੰ ਜਾਰੀ ਰੱਖਣਗੇ। ਪਹਿਲੇ ਰਾਫ਼ੇਲ ਜਹਾਜ਼ ਦੇ ਟ੍ਰਾਇਲ ਨੂੰ ਆਰ.ਬੀ.-01 ਨਾਂ ਦਿੱਤਾ ਗਿਆ ਹੈ। ਰਾਫ਼ੇਲ ਸਮਝੌਤੇ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਹਵਾਈ ਫ਼ੌਜ ਮੁਖੀ ਏਅਰ ਮਾਰਸ਼ਲ ਆਰ.ਬੀ.ਐਸ. ਭਦੌਰੀਆ ਦੇ ਸਨਮਾਨ 'ਚ ਪਹਿਲੇ ਰਾਫ਼ੇਲ ਜਹਾਜ਼ ਦੇ ਟ੍ਰਾਇਲ ਨੂੰ ਇਹ ਨਾਂ ਦਿੱਤਾ ਗਿਆ। ਪਿਛਲੇ ਸਾਲ ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਨਾਲ ਬੀਕਾਨੇਰ 'ਚ ਸ਼ਸਤਰ ਪੂਜਾ ਕੀਤੀ ਸੀ।
Rajnath Singh
ਰਾਫ਼ੇਲ ਲੜਾਕੂ ਜਹਾਜ਼ ਡੀਲ ਭਾਰਤ ਅਤੇ ਫ਼ਰਾਂਸ ਦੀ ਸਰਕਾਰ ਵਿਚਕਾਰ ਸਤੰਬਰ 2016 ਨੂੰ ਹੋਈ ਸੀ। ਇਸ 'ਚ ਹਵਾਈ ਫ਼ੌਜ ਨੂੰ 36 ਅਤਿ-ਆਧੁਨਿਕ ਲੜਾਕੂ ਜਹਾਜ਼ ਮਿਲਣਗੇ। ਇਹ ਸੌਦਾ 7.8 ਕਰੋੜ ਯੂਰੋ (ਲਗਭਗ 58 ਹਜ਼ਾਰ ਕਰੋੜ ਰੁਪਏ) ਦਾ ਹੈ। ਕਾਂਗਰਸ ਦਾ ਦਾਅਵਾ ਹੈ ਕਿ ਯੂਪੀਏ ਸਰਕਾਰ ਦੌਰਾਨ ਇਕ ਰਾਫ਼ੇਲ ਫਾਈਟਰ ਜੈਟ ਦੀ ਕੀਮਤ 600 ਕਰੋੜ ਰੁਪਏ ਤੈਅ ਕੀਤੀ ਗਈ ਸੀ। ਮੋਦੀ ਸਰਕਾਰ ਦੌਰਾਨ ਇਕ ਰਾਫ਼ੇਲ ਲਗਭਗ 1600 ਕਰੋੜ ਰੁਪਏ ਦਾ ਪਵੇਗਾ।
Rafale Deal
ਭਾਰਤ ਆਪਣੇ ਪੂਰਬੀ ਅਤੇ ਪਛਮੀ ਮੋਰਚਿਆਂ 'ਤੇ ਹਵਾਈ ਫ਼ੌਜ ਦੀ ਸਮਰੱਥਾ ਵਧਾਉਣ ਲਈ ਰਾਫ਼ੇਲ ਲੈ ਰਿਹਾ ਹੈ। ਹਵਾਈ ਫ਼ੌਜ ਦੀ ਇਕ-ਇਕ ਸਕਵਾਰਡਨ ਹਰਿਆਣਾ ਦੇ ਅੰਬਾਲਾ ਅਤੇ ਪੱਛਮ ਬੰਗਾਲ ਦੇ ਹਸ਼ੀਮਾਰਾ ਏਅਰਬੇਸ 'ਤੇ ਤਾਇਨਾਤ ਕਰੇਗੀ। ਰਾਫ਼ੇਲ ਫਾਈਟਰ ਨੂੰ ਉਡਾਉਣ ਲਈ ਭਾਰਤੀ ਹਵਾਈ ਫ਼ੌਜ ਦੇ ਕੁਝ ਪਾਇਲਟਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁਕੀ ਹੈ। ਇਸ ਤੋਂ ਬਾਅਦ ਹੁਣ ਇਹ ਸਾਰੇ ਮਿਲ ਕੇ ਹਵਾਈ ਫ਼ੌਜ ਦੇ 24 ਹੋਰ ਪਾਇਲਟਾਂ ਨੂੰ ਤਿੰਨ ਵੱਖ-ਵੱਖ ਹਿੱਸਿਆਂ 'ਚ ਭਾਰਤੀ ਰਾਫ਼ੇਲ ਫਾਈਟਰ ਜੈੱਟ ਦੀ ਟ੍ਰੇਨਿੰਗ ਦੇਣਗੇ। ਇਨ੍ਹਾਂ ਦੀ ਟ੍ਰੇਨਿੰਗ 2020 ਮਈ ਤਕ ਚਲੇਗੀ।