
ਕਥਿਤ ਗਊਹਤਿਆ ਮਾਮਲੇ 'ਚ ਦਰਜ ਐਫ਼.ਆਈ.ਆਰ. 'ਚ ਲਿਖੇ ਨਾਵਾਂ ਨੂੰ ਲੈ ਕੇ ਨਾਰਾਜ਼ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਐਫ਼.ਆਈ.ਆਰ. 'ਚ.........
ਬੁਲੰਦਸ਼ਹਿਰ : ਕਥਿਤ ਗਊਹਤਿਆ ਮਾਮਲੇ 'ਚ ਦਰਜ ਐਫ਼.ਆਈ.ਆਰ. 'ਚ ਲਿਖੇ ਨਾਵਾਂ ਨੂੰ ਲੈ ਕੇ ਨਾਰਾਜ਼ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਐਫ਼.ਆਈ.ਆਰ. 'ਚ ਨਿਆ ਬਾਂਸ ਦੇ ਸੱਤ ਵਿਅਕਤੀਆਂ ਦੇ ਨਾਂ ਦਰਜ ਹਨ ਅਤੇ ਇਨ੍ਹਾਂ ਸੱਤ 'ਚੋਂ ਦੋ ਬੱਚੇ ਹਨ ਜਦਕਿ ਇਕ ਪਿੰਡ 'ਚ ਨਹੀਂ ਰਹਿੰਦਾ ਅਤੇ ਚੌਥਾ ਵਿਅਕਤੀ 40 ਕਿਲੋਮੀਟਰ ਦੂਰ ਮੁਸਲਮਾਨਾਂ ਦੇ ਪ੍ਰੋਗਰਾਮ (ਇਜਿਤਮਾ) 'ਚ ਸ਼ਾਮਲ ਸੀ। ਇਹ ਐਫ਼.ਆਈ.ਆਰ. ਬਜਰੰਗ ਦਲ ਦੇ ਜ਼ਿਲ੍ਹਾ ਕਾਨਵੀਨਰ ਯੋਗੇਸ਼ ਰਾਜ ਦੀ ਸ਼ਿਕਾਇਤ 'ਤੇ ਆਧਾਰਤ ਹੈ। ਯੋਗੇਸ਼ ਰਾਜ ਸੋਮਵਾਰ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਮੁੱਖ ਮੁਲਜ਼ਮ ਹੈ। ਉਹ ਸੋਮਵਾਰ ਤੋਂ ਹੀ ਫ਼ਰਾਰ ਹੈ।
ਉਧਰ ਬਜਰੰਗ ਦਲ ਨੇ ਯੋਗੇਸ਼ ਰਾਜ ਨੂੰ ਪੁਲਿਸ ਸਾਹਮਣੇ ਆਤਮ ਸਮਰਪਣ ਕਰਨ ਨੂੰ ਕਿਹਾ ਹੈ। ਦੱਖਣ ਪੰਥੀ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ'ਚ ਪੁਲਿਸ ਖ਼ੁਦ ਸ਼ਿਕਾਇਤਕਰਤਾ ਹੈ ਇਸ ਲਈ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਪੁਲਿਸ ਦੋ ਐਫ਼.ਆਈ.ਆਰ. ਦੇ ਆਧਾਰ 'ਤੇ ਹਿੰਸਾ ਦੀ ਜਾਂਚ ਕਰ ਰਹੀ ਹੈ ਜਿਸ 'ਚ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ ਇਕ ਨੌਜਵਾਨ ਸੁਮਿਤ ਕੁਮਾਰ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਸੀ। ਇਕ ਐਫ਼.ਆਈ.ਆਰ. ਕਥਿਤ ਗਊਕੁਸ਼ੀ ਨੂੰ ਲੈ ਕੇ ਹੈ ਅਤੇ ਦੂਜੀ ਹਿੰਸਾ ਨਾਲ ਜੁੜੀ ਹੈ।
ਨਿਆਬਾਂਸ ਪਿੰਡ ਹਿੰਸਾ ਦਾ ਕੇਂਦਰ ਰਹੇ ਚਿੰਗਰਾਵਠੀ ਤੋਂ ਤਿੰਨ ਕਿਲੋਮੀਟਰ ਤੋਂ ਵੀ ਘੱਟ ਦੂਰ ਸਥਿਤ ਹੈ। ਗਊਕੁਸ਼ੀ ਐਫ਼.ਆਈ.ਆਰ. 'ਚ ਨਿਆਬਾਂਸ ਕੇਂਦਰ 'ਚ ਹੈ ਅਤੇ ਇਸੇ ਪਿੰਡ 'ਚ ਸੱਤ ਜਣਿਆਂ ਦੇ ਨਾਂ ਐਫ਼.ਆਈ.ਆਰ. 'ਚ ਲਏ ਗਏ ਹਨ। ਇਹ ਸਾਰੇ ਇਕੋ ਫ਼ਿਰਕੇ ਨਾਲ ਸਬੰਧਤ ਹਨ। ਪਿੰਡ ਵਾਸੀਆਂ ਅਨੁਸਾਰ ਸੂਚੀ 'ਚ 10 ਸਾਲ ਦੇ ਪੰਜਵੀਂ ਜਮਾਤ ਦੇ ਅਤੇ 12 ਸਾਲ ਦੇ ਛੇਵੀਂ ਜਮਾਤ ਦੇ ਇਕ ਇਕ ਵਿਦਿਆਰਥੀ ਦਾ ਨਾਂ ਵੀ ਹੈ। ਨਾਬਾਲਗ ਹੋਣ ਕਰ ਕੇ ਦੋਵੇਂ ਬੱਚਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ। ਦੋਵੇਂ ਚਚੇਰੇ ਭਰਾ ਹਨ।
ਪੰਜਵੀਂ 'ਚ ਪੜ੍ਹਨ ਵਾਲੇ ਬੱਚੇ ਦੇ ਪਿਤਾ ਨੇ ਕਿਹਾ, ''ਗਊਕੁਸ਼ੀ ਦੇ ਦੋਸ਼ ਲਾਉਣ ਵਾਲੀ ਐਫ਼.ਆਈ.ਆਰ. 'ਚ ਉਨ੍ਹਾਂ ਦੇ ਨਾਂ ਹਟਾਏ ਜਾਣੇ ਚਾਹੀਦੇ ਹਨ। ਉਨ੍ਹਾਂ ਦੀ ਉਮਰ ਤਾਂ ਵੇਖੋ।'' ਉਸ ਨੇ ਕਿਹਾ ਕਿ ਉਸ ਨੂੰ ਮੰਗਲਵਾਰ ਨੂੰ ਪੁਲਿਸ ਥਾਣੇ ਸਦਿਆ ਗਿਆ ਸੀ ਅਤੇ ਤਿੰਨ ਘੰਟਿਆਂ ਤਕ ਪੁੱਛ-ਪੜਤਾਲ ਲਹੀ ਕਪਤਾਨ ਦੀ ਉਡੀਕ ਕਰਵਾਏ ਜਾਣ ਤੋਂ ਬਾਅਦ ਵਾਪਸ ਘਰ ਭੇਜ ਦਿਤਾ। ਪਿੰਡ 'ਚ ਤਣਾਅ ਸਿਖਰ 'ਤੇ ਹੈ ਅਤੇ ਪਿੰਡ ਵਾਸੀਆਂ ਨੇ ਐਫ਼.ਆਈ.ਆਰ. 'ਚ ਸ਼ਾਮਲ ਦੋ ਹੋਰ ਨਾਵਾਂ 'ਤੇ ਵੀ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਇਕ ਪਿੰਡ 'ਚ ਰਹਿੰਦਾ ਹੀ ਨਹੀਂ ਅਤੇ ਦੂਜੇ ਉਸ ਦਿਨ ਇਥੋਂ 40 ਕਿਲੋਮੀਟਰ ਦੂਰ ਇਜ਼ਤਿਮਾ 'ਚ ਕੰਮ ਕਰ ਰਿਹਾ ਸੀ। (ਪੀਟੀਆਈ)