
ਮਿਸ਼ੇਲ ਦੀ ਅਪੀਲ 'ਤੇ ਈ.ਡੀ. ਨੂੰ ਅਦਾਲਤ ਦਾ ਨੋਟਿਸ ਜਾਰੀ
ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਅਗਸਤਾ-ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਮਾਮਲੇ 'ਚ ਗ੍ਰਿਫ਼ਤਾਰ ਕਥਿਤ ਵਿਚੋਲੀਏ ਕ੍ਰਿਸ਼ਚਨ ਮਿਸ਼ੇਲ ਨੇ ਇਸ ਸਿਲਸਿਲੇ 'ਚ ਦਾਖ਼ਲ ਪੂਰਕ ਚਾਰਜਸ਼ੀਟ ਮੀਡੀਆ 'ਚ ਕਥਿਤ ਤੌਰ 'ਤੇ ਲੀਕ ਹੋ ਜਾਣ ਦੀ ਜਾਂਚ ਕਰਵਾਉਣ ਦੀ ਅਦਾਲਤ ਨੂੰ ਅਪੀਲ ਕੀਤੀ ਹੈ। ਈ.ਡੀ. ਨੇ ਅਦਾਲਤ ਨੂੰ ਇਕ ਸਮਾਚਾਰ ਸੰਗਠਨ ਨੂੰ ਨੋਟਿਸ ਜਾਰੀ ਕਰ ਕੇ ਇਹ ਪੁੱਛਣ ਨੂੰ ਕਿਹਾ ਕਿ ਉਸ ਨੂੰ ਇਹ ਦਸਤਾਵੇਜ਼ ਕਿਸ ਤਰ੍ਹਾਂ ਮਿਲੇ? ਜਦਕਿ ਮਿਸ਼ੇਲ ਨੇ ਵੀ ਇਸ ਮੰਗ ਦੀ ਹਮਾਇਤ ਕੀਤੀ ਅਤੇ ਇਸ ਮਾਮਲੇ ਨੂੰ ਸਿਆਸੀ ਰੰਗਤ ਦੇਣ ਦਾ ਏਜੰਸੀ 'ਤੇ ਦੋਸ਼ ਲਾਇਆ।
ਈ.ਡੀ. ਨੇ ਵਿਸ਼ੇਸ਼ ਸਰਕਾਰੀ ਵਕੀਲ ਡੀ.ਪੀ. ਸਿੰਘ ਅਤੇ ਐਨ.ਕੇ. ਮੱਟਾ ਨੇ ਦਾਅਵਾ ਕੀਤਾ ਕਿ ਇਹ ਵਿਸ਼ਾ ਗੰਭੀਰ ਕਿਸਮ ਦਾ ਹੈ। ਜਾਂਚ ਏਜੰਸੀ ਨੇ ਕਿਹਾ ਕਿ ਚਾਰਜਸ਼ੀਟ ਦੀ ਕਾਪੀ ਮੁਲਜ਼ਮਾਂ ਨੂੰ ਦਿਤੀ ਜਾਣੀ ਅਜੇ ਬਾਕੀ ਹੈ। ਹਾਲਾਂਕਿ, ਮਿਸ਼ੇਲ ਦੇ ਵਕੀਲਾਂ ਨੇ ਇਹ ਜਾਣਨਾ ਚਾਹਿਆ ਹੈ ਕਿ ਅਸੀਂ ਇਸ 'ਚ ਕੀ ਲਿਖਿਆ ਹੈ ਅਤੇ ਇਸ ਲਈ ਇਕ ਅਰਜ਼ੀ ਦਿਤੀ ਹੈ। ਇਹ ਬਹੁਤ ਗੰਭੀਰ ਵਿਸ਼ਾ ਹੈ ਅਤੇ ਚਾਰਜਸ਼ੀਟ ਦੀ ਕਾਪੀ ਕਿਸ ਤਰ੍ਹਾਂ ਲੀਕ ਹੋਈ, ਇਸ ਦਾ ਪਤਾ ਕਰਨ ਲਈ ਜਾਂਚ ਦਾ ਹੁਕਮ ਜ਼ਰੁਰੀ ਦਿਤਾ ਜਾਣਾ ਚਾਹੀਦਾ ਹੈ।
ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਈ.ਡੀ. ਨੂੰ ਨੋਟਿਸ ਜਾਰੀ ਕੀਤਾ ਅਤੇ ਮਿਸ਼ੇਲ ਦੀ ਅਪੀਲ 'ਤੇ ਜਵਾਬ ਦਾਖ਼ਲ ਕਰਨ ਦਾ ਹੁਕਮ ਦਿਤਾ। ਅਪੀਲ 'ਚ ਕਿਹਾ ਗਿਆ ਹੈ ਕਿ ਮਿਸ਼ੇਲ ਨੇ ਈ.ਡੀ. ਦੀ ਜਾਂਚ ਦੌਰਾਨ ਇਸ ਸੌਦੇ ਬਾਰੇ ਕਿਸੇ ਵਿਅਕਤੀ ਦਾ ਨਾਂ ਨਹੀਂ ਲਿਆ ਸੀ ਅਤੇ ਇਥੋਂ ਤਕ ਕਿ ਅਦਾਲਤ ਨੇ ਵੀ ਅਪਣੇ ਸਾਹਮਣੇ ਦਾਖ਼ਲ ਦਸਤਾਵੇਜ਼ਾਂ 'ਤੇ ਕੋਈ ਨੋਟਿਸ ਨਹੀਂ ਲਿਆ ਜਦਕਿ ਪੂਰੇ ਮਾਮਲੇ ਨੂੰ ਮੀਡੀਆ 'ਚ ਸਨਸਨੀਖੇਜ਼ ਬਣਾਉਣ ਲਈ ਏਜੰਸੀ ਨੇ ਚਾਰਜਸ਼ੀਟ ਨੂੰ ਲੀਕ ਕੀਤਾ। (ਪੀਟੀਆਈ)