
ਗਰਮੀ ਆਮ ਤੌਰ ’ਤੇ ਗਰਭ ਅਵਸਥਾ ਅਤੇ ਬੱਚੇ ਦੇ ਜਨਮ ਦੇ ਖਤਰੇ ਨੂੰ ਵਧਾਉਂਦੀ ਹੈ
ਨਵੀਂ ਦਿੱਲੀ: ਦੇਸ਼ ਅਪ੍ਰੈਲ-ਜੂਨ ਦੀ ਮਿਆਦ ’ਚ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਤਾਪਮਾਨ ਪਹਿਲਾਂ ਹੀ ਵਧਣਾ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ’ਚ, ਖੋਜਕਰਤਾਵਾਂ ਨੇ ਖੇਤੀ, ਨਿਰਮਾਣ ਅਤੇ ਹੋਰ ਖੇਤਰਾਂ ’ਚ ਖੁੱਲ੍ਹੇ ਖੇਤਰਾਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ’ਤੇ ਨੁਕਸਾਨਦੇਹ ਅਸਰਾਂ ਬਾਰੇ ਚੇਤਾਵਨੀ ਦਿਤੀ ਹੈ।
ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਹਾਲ ਹੀ ’ਚ ਕਿਹਾ ਸੀ ਕਿ ਇਸ ਸਾਲ ਅਪ੍ਰੈਲ-ਜੂਨ ’ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ ਅਤੇ ਮੱਧ ਤੇ ਪਛਮੀ ਪ੍ਰਾਇਦੀਪ ਦੇ ਹਿੱਸੇ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਸੀ ਕਿ ਮੈਦਾਨੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ ’ਚ ਗਰਮੀ ਆਮ ਨਾਲੋਂ ਜ਼ਿਆਦਾ ਦਿਨਾਂ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਸਖ਼ਤ ਮੌਸਮ ਦੀ ਚੇਤਾਵਨੀਆਂ ਤੋਂ ਬਾਅਦ, ਖੋਜਕਰਤਾ ਬਾਹਰ ਕੰਮ ਕਰਨ ਦੇ ਨਵੇਂ ਤਰੀਕਿਆਂ ਦੀ ਵਕਾਲਤ ਕਰ ਰਹੇ ਹਨ, ਜਿਸ ’ਚ ਕੰਮ ਦੇ ਘੰਟਿਆਂ ’ਚ ਢਿੱਲ ਅਤੇ ਲਾਜ਼ਮੀ ਬਰੇਕ ਸ਼ਾਮਲ ਹਨ, ਤਾਂ ਜੋ ਕੰਮ ਕਰਨ ਵਾਲਿਆਂ ਨੂੰ ਗਰਮੀ ਦੇ ਅਸਰਾਂ ਤੋਂ ਬਚਣ ’ਚ ਮਦਦ ਕੀਤੀ ਜਾ ਸਕੇ।
ਆਈ.ਆਈ.ਟੀ. ਗਾਂਧੀਨਗਰ ਦੇ ਵਿਕਰਮ ਸਾਰਾਭਾਈ ਚੇਅਰ ਪ੍ਰੋਫੈਸਰ ਵਿਮਲ ਮਿਸ਼ਰਾ ਨੇ ਕਿਹਾ, ‘‘ਖੁਸ਼ਕ ਗਰਮੀ ਨਾਲ ਨਜਿੱਠਣਾ ਮੁਕਾਬਲਤਨ ਆਸਾਨ ਹੈ। ਜਦੋਂ ਸਰੀਰ ਗਰਮ ਹੁੰਦਾ ਹੈ ਅਤੇ ਅਸੀਂ ਪਾਣੀ ਪੀਂਦੇ ਹਾਂ, ਤਾਂ ਵਾਸ਼ਪੀਕਰਨ ਹੁੰਦਾ ਹੈ ਅਤੇ ਸਰੀਰ ਠੰਢਾ ਹੋ ਜਾਂਦਾ ਹੈ. ਹਾਲਾਂਕਿ, ਨਮੀ ਵਾਲੀ ਗਰਮੀ ’ਚ, ਹਵਾ ’ਚ ਉੱਚ ਨਮੀ ਦੇ ਕਾਰਨ ਵਾਸ਼ਪੀਕਰਨ ਘੱਟ ਹੋ ਜਾਂਦਾ ਹੈ ਜੋ ਸਰੀਰ ਦੇ ਠੰਢੇ ਕਰਨ ਦੇ ਤੰਤਰ ’ਚ ਰੁਕਾਵਟ ਬਣਦਾ ਹੈ।’’ ਖੋਜ ਦੇ ਸਹਿ-ਲੇਖਕ ਮਿਸ਼ਰਾ ਚੇਤਾਵਨੀ ਦਿੰਦੇ ਹਨ, ‘‘ਅਜਿਹੀਆਂ ਸਥਿਤੀਆਂ ’ਚ ਤੀਬਰ ਮਿਹਨਤ ਸਰੀਰ ਦੀ ਗਰਮੀ ਨੂੰ ਇਸ ਪੱਧਰ ਤਕ ਵਧਾ ਸਕਦੀ ਹੈ ਕਿ ਇਹ ਮੌਤ ਦਾ ਕਾਰਨ ਵੀ ਬਣ ਸਕਦੀ ਹੈ।’’
ਤਾਮਿਲਨਾਡੂ ’ਚ ਕੀਤੇ ਗਏ ਇਕ ਹੋਰ ਅਧਿਐਨ ਅਤੇ ਪਿਛਲੇ ਸਾਲ ਅਕਤੂਬਰ ’ਚ ਪ੍ਰਕਾਸ਼ਤ ਇਕ ਹੋਰ ਅਧਿਐਨ ’ਚ ਪਾਇਆ ਗਿਆ ਕਿ ਬਹੁਤ ਜ਼ਿਆਦਾ ਗਰਮੀ ’ਚ ਕੰਮ ਕਰਨ ਨਾਲ ਗਰਭਵਤੀ ਔਰਤਾਂ ’ਚ ਗਰਭਪਾਤ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ, ਗਰਮੀ ਆਮ ਤੌਰ ’ਤੇ ਗਰਭ ਅਵਸਥਾ ਅਤੇ ਬੱਚੇ ਦੇ ਜਨਮ ਦੇ ਖਤਰੇ ਨੂੰ ਵਧਾਉਂਦੀ ਹੈ।
ਖੋਜ ਦੀ ਸਹਿ-ਲੇਖਕ ਅਤੇ ਚੇਨਈ ਦੇ ਸ਼੍ਰੀ ਰਾਮਚੰਦਰ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਐਂਡ ਰੀਸਰਚ ਦੇ ਫੈਕਲਟੀ ਆਫ ਪਬਲਿਕ ਹੈਲਥ ਦੀ ਪ੍ਰੋਫੈਸਰ ਵਿਦਿਆ ਵੇਣੂਗੋਪਾਲ ਨੇ ਕਿਹਾ, ‘‘ਅਸੀਂ ਇਹ ਵੀ ਵੇਖਿਆ ਕਿ ਪਖਾਨੇ ਦੀ ਸੀਮਤ ਪਹੁੰਚ ਕਾਰਨ ਔਰਤਾਂ ਘੱਟ ਖਾ ਰਹੀਆਂ ਹਨ, ਜਿਸ ਦੇ ਨਤੀਜੇ ਵਜੋਂ ਕੁਪੋਸ਼ਣ ਹੋ ਰਿਹਾ ਹੈ। ਇਹ ਗਰਭ ਅਵਸਥਾ ਨੂੰ ਵੀ ਪ੍ਰਭਾਵਤ ਕਰਦਾ ਹੈ।’’ ਖੋਜ ਵਿਚ 800 ਗਰਭਵਤੀ ਔਰਤਾਂ ਦਾ ਮੁਲਾਂਕਣ ਕੀਤਾ ਗਿਆ, ਜਿਨ੍ਹਾਂ ਵਿਚੋਂ 47 ਫ਼ੀ ਸਦੀ ਬਾਹਰ ਕੰਮ ਕਰਦੇ ਸਮੇਂ ਗਰਮੀ ਦੇ ਸੰਪਰਕ ਵਿਚ ਆਈਆਂ ਸਨ।
ਵੇਣੂਗੋਪਾਲ ਨੇ ਕਿਹਾ ਕਿ ਮਹਿਲਾ ਆਊਟਡੋਰ ਵਰਕਰਾਂ ਨੂੰ ਉਨ੍ਹਾਂ ਦੀ ਸਿਹਤ ’ਤੇ ਗਰਮੀ ਦੇ ਬਹੁਤ ਜ਼ਿਆਦਾ ਅਸਰਾਂ ਬਾਰੇ ਵਧੇਰੇ ਜਾਗਰੂਕ ਕਰਨ ਦੀ ਜ਼ਰੂਰਤ ਹੈ ਅਤੇ ਪ੍ਰਾਇਮਰੀ ਸਿਹਤ ਕੇਂਦਰ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹਨ। ਪ੍ਰਾਇਮਰੀ ਹੈਲਥ ਸੈਂਟਰਾਂ ਰਾਹੀਂ, ਜਿੱਥੇ ਗਰਭ ਅਵਸਥਾ ਦੌਰਾਨ ਔਰਤਾਂ ਅਕਸਰ ਜਾਂਦੀਆਂ ਹਨ, ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਕਿ ਬਹੁਤ ਜ਼ਿਆਦਾ ਗਰਮੀ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਨੂੰ ਕਿਵੇਂ ਪ੍ਰਭਾਵਤ ਕਰ ਰਹੀ ਹੈ। ਸਰਕਾਰ ਬਾਹਰ ਕੰਮ ਕਰਨ ਵਾਲੀਆਂ ਮਹਿਲਾ ਕਾਮਿਆਂ ’ਤੇ ਅੱਤ ਦੀ ਗਰਮੀ ਦੇ ਅਸਰ ਨੂੰ ਘੱਟ ਕਰਨ ਲਈ ਕਦਮ ਚੁੱਕ ਸਕਦੀ ਹੈ।