
ਤਜਿੰਦਰ ਬੱਗਾ ਦੀ ਮਾਤਾ ਨੇ ਵੀ ਲਗਾਏ ਕੇਜਰੀਵਾਲ 'ਤੇ ਗੰਭੀਰ ਇਲਜ਼ਾਮ
ਨਵੀਂ ਦਿੱਲੀ : ਗ੍ਰਿਫ਼ਤਾਰੀ ਤੋਂ ਬਾਅਦ ਰਿਹਾਅ ਕੀਤੇ ਗਏ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੇ ਮੈਡੀਕਲ ਛੁੱਟੀ ਸਰਟੀਫਿਕੇਟ ਤੋਂ ਪਤਾ ਲੱਗਾ ਹੈ ਕਿ ਉਸ ਦੀ ਪਿੱਠ ਅਤੇ ਮੋਢੇ 'ਤੇ ਕਈ ਸੱਟਾਂ ਲੱਗੀਆਂ ਹਨ। ਆਈਏਐਨਐਸ ਦੁਆਰਾ ਐਕਸੈਸ ਕੀਤੇ ਗਏ ਦਸਤਾਵੇਜ਼ਾਂ ਦੇ ਅਨੁਸਾਰ ਇਸ ਦੀ ਪੁਸ਼ਟੀ ਕੀਤੀ ਗਈ ਹੈ। ਬੱਗਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲਿਸ ਵੱਲੋਂ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਹੁਣ ਇਸ ਗੱਲ ਦੀ ਸੰਭਾਵਨਾ ਹੈ ਕਿ ਭਾਜਪਾ ਆਗੂ ਵੱਲੋਂ ਪੰਜਾਬ ਪੁਲਿਸ ਖ਼ਿਲਾਫ਼ ਤੀਜਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ।
Tajinder Pal Singh Bagga, Arvind Kejriwal
ਸ਼ੁੱਕਰਵਾਰ ਨੂੰ ਘਰ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਕੇਜਰੀਵਾਲ ਕਸ਼ਮੀਰੀ ਪੰਡਿਤਾਂ ਦਿੱਤੇ ਗਏ ਅਪਣੇ ਬਿਆਨ ਲਈ ਮਾਫ਼ੀ ਨਹੀਂ ਮੰਗਦੇ ਉਦੋਂ ਤੱਕ ਮੈਂ ਲੜਦਾ ਰਹਾਂਗਾ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਗ੍ਰਿਫ਼ਤ 'ਚੋਂ ਛੁੱਟ ਕੇ ਘਰ ਆਏ ਤਜਿੰਦਰ ਬੱਗਾ ਦੀ ਵਾਪਸੀ 'ਤੇ ਘਰ ਵਾਲਿਆਂ ਨੇ ਜਸ਼ਨ ਮਨਾਇਆ। ਤਜਿੰਦਰ ਬੱਗਾ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਵਿਚ ਇਹ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਉਹਨਾਂ ਨੂੰ 24 ਘੰਟਿਆਂ ਵਿਚ ਜੇਲ੍ਹ 'ਚ ਬੰਦ ਕੀਤਾ ਜਾਵੇਗਾ ਪਰ ਅਜੇ ਤੱਕ ਉਹਨਾਂ ਨੇ ਉਸ ਮਾਮਲੇ ਦਾ ਨਾਮ ਵੀ ਨਹੀਂ ਲਿਆ ਤੇ ਕਾਰਵਾਈ ਤਾਂ ਦੂਰ ਦੀ ਗੱਲ ਹੈ।
Kamaljeet Kaur
ਤੇਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਨ੍ਹਾਂ ਦੀ ਮਾਤਾ ਕਮਲਜੀਤ ਕੌਰ ਨੇ ਵੀ ਅਰਵਿੰਦ ਕੇਜਰੀਵਾਲ 'ਤੇ ਕਈ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਜਾਣਕਾਰੀ ਦੇ ਪੰਜਾਬ ਪੁਲਿਸ ਨੇ ਕੇਜਰੀਵਾਲ ਦੇ ਇਸ਼ਾਰੇ 'ਤੇ ਮੇਰੇ ਬੇਟੇ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਨਹੀਂ ਸੀ ਬਲਕਿ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਗਾ ਦੀ ਮਾਂ ਇਸ ਸਮੇਂ ਬਿਹਾਰ ਦੇ ਮੁਜ਼ੱਫਰਪੁਰ ਵਿਚ ਰਮਨਾ ਵਿਖੇ ਆਪਣੇ ਭਰਾ ਬਲਬੀਰ ਸਿੰਘ ਦੇ ਘਰ ਆਈ ਹੋਈ ਹੈ। ਉਹ ਸ਼ੁੱਕਰਵਾਰ ਸਵੇਰੇ ਹੀ ਇੱਥੇ ਪਹੁੰਚੇ ਸਨ। ਉਸ ਨੂੰ ਟਰੇਨ 'ਚ ਹੀ ਆਪਣੇ ਬੇਟੇ ਦੀ ਗ੍ਰਿਫ਼ਤਾਰੀ ਦੀ ਸੂਚਨਾ ਮਿਲ ਗਈ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਜੀਤ ਨੇ ਦੱਸਿਆ ਕਿ ਕੇਜਰੀਵਾਲ ਮੇਰੇ ਬੇਟੇ ਖਿਲਾਫ਼ ਸਾਜ਼ਿਸ਼ ਰਚ ਰਿਹਾ ਹੈ। ਉਸ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਮੇਰੇ ਪੁੱਤਰ ਨੇ ਕੀਤਾ ਸੀ, ਇਸ ਲਈ ਉਸ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਕੋਲ ਪੰਜਾਬ ਦੇ ਮਾਮਲੇ ਵਿੱਚ ਕਾਰਵਾਈ ਕਰਨ ਦਾ ਸਮਾਂ ਹੈ, ਪਰ ਹੁਣ ਤੱਕ ਦਿੱਲੀ ਦੰਗਿਆਂ ਵਿੱਚ ਸ਼ਾਮਲ ਉਨ੍ਹਾਂ ਦੇ ਕੌਂਸਲਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੇ ਇਸ ਬਾਰੇ ਚੁੱਪ ਧਾਰੀ ਰੱਖੀ ਹੈ।
Tajinder Pal singh Bagga
ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਬਹੁਤ ਚਲਾਕ ਹੈ। ਉਹ ਪੰਜਾਬ 'ਚ ਫੜੇ ਗਏ ਖਾਲਿਸਤਾਨੀ ਅੱਤਵਾਦੀਆਂ ਦੇ ਮੁੱਦੇ ਨੂੰ ਦਬਾਉਣਾ ਚਾਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੇ ਮੇਰੇ ਬੇਟੇ 'ਤੇ ਝੂਠੇ ਦੋਸ਼ ਲਗਾ ਕੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦਾ ਪੁੱਤਰ ਹਮੇਸ਼ਾ ਦਿੱਲੀ ਦੇ ਮੁੱਖ ਮੰਤਰੀ ਖਿਲਾਫ਼ ਆਵਾਜ਼ ਉਠਾਉਂਦਾ ਰਿਹਾ ਹੈ। ਕਮਲਜੀਤ ਕੌਰ ਨੇ ਕਿਹਾ ਹੈ ਕਿ ਉਸ ਦੇ ਬਜ਼ੁਰਗ ਪਤੀ ਨੂੰ ਵੀ ਪੰਜਾਬ ਪੁਲਿਸ ਨੇ ਕੁੱਟਿਆ ਹੈ। ਕਿਸੇ ਬਜ਼ੁਰਗ ਨੂੰ ਕੁੱਟਣਾ ਕਿਸ ਹੱਦ ਤੱਕ ਜਾਇਜ਼ ਹੈ? ਦੱਸ ਦਈਏ ਕਿ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਰਾਸ਼ਟਰੀ ਰਾਜਧਾਨੀ 'ਚ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਸਾਰਾ ਦਿਨ ਨਾਟਕੀ ਘਟਨਾਕ੍ਰਮ ਚਲਦਾ ਰਿਹਾ ਅਤੇ ਅਖੀਰ ਬੱਗਾ ਨੂੰ ਰਿਹਾਅ ਕਰ ਦਿੱਤਾ ਗਿਆ। ਘਰ ਪਰਤਦਿਆਂ ਹੀ ਬੱਗਾ ਨੇ ਪੰਜਾਬ ਪੁਲਿਸ 'ਤੇ ਇਲਜ਼ਾਮ ਲਾਇਆ ਕਿ ਮੈਨੂੰ ਅੱਤਵਾਦੀਆਂ ਵਾਂਗ ਘਸੀਟਿਆ।