
ਵਿਧਾਇਕ ਨੂੰ ਸੜਕ ਨਿਰਮਾਣ 'ਚ ਖ਼ਰਾਬੀ ਦੀ ਮਿਲੀ ਸੀ ਸ਼ਿਕਾਇਤ
ਓਡੀਸ਼ਾ: ਓਡੀਸ਼ਾ ਵਿਚ ਸੱਤਾਧਾਰੀ ਪਾਰਟੀ ਬੀਜੂ ਜਨਤਾ ਦਲ ਦੇ ਨਵੇਂ ਚੁਣੇ ਵਿਧਾਇਕ ਸਰੋਜ ਕੁਮਾਰ ਮੇਹਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਇਕ ਪੀਡਬਲਯੂਡੀ ਇੰਜੀਨਿਅਰ ਦੀਆਂ ਸ਼ਰ੍ਹੇਆਮ ਲੋਕਾਂ ਦੇ ਸਾਹਮਣੇ ਬੈਠਕਾਂ ਕਢਵਾਉਂਦੇ ਹੋਏ ਨਜ਼ਰ ਆ ਰਹੇ ਹਨ।
Photo
ਦਰਅਸਲ ਮਾਮਲਾ ਸੜਕ ਨਿਰਮਾਣ ਵਿਚ ਪਾਈ ਗਈ ਕੋਤਾਹੀ ਦਾ ਸੀ। ਜਿਸ ਤੋਂ ਇਲਾਕੇ ਦੇ ਲੋਕ ਕਾਫ਼ੀ ਜ਼ਿਆਦਾ ਨਾਰਾਜ਼ ਸਨ। ਲੋਕਾਂ ਨੇ ਜਦੋਂ ਇਸ ਦੀ ਸ਼ਿਕਾਇਤ ਬੀਜਦ ਵਿਧਾਇਕ ਕੋਲ ਕੀਤੀ ਤਾਂ ਵਿਧਾਇਕ ਨੇ ਪੀਡਬਲਯੂਡੀ ਇੰਜੀਨਿਅਰ ਨੂੰ ਬੁਲਾ ਕੇ ਜਿੱਥੇ ਚੰਗੀ ਝਾੜ ਪਾਈ। ਉਥੇ ਹੀ ਉਸ ਕੋਲੋਂ ਸਾਰਿਆਂ ਦੇ ਸਾਹਮਣੇ ਬੈਠਕਾਂ ਵੀ ਕਢਵਾਈਆਂ। ਸੜਕ ਵਿਚਕਾਰ ਹੀ ਵਿਧਾਇਕ ਉਸ ਨੂੰ 100 ਵਾਰ ਬੈਠਕਾਂ ਕੱਢਣ ਲਈ ਆਖ ਰਹੇ ਹਨ।
ਬਾਅਦ ਵਿਚ ਇਸ ਮਾਮਲੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਵਿਧਾਇਕ ਸਰੋਜ਼ ਕੁਮਾਰ ਮੇਹਰ ਨੇ ਅਪਣੀ ਇਸ ਹਰਕਤ ਲਈ ਮੁਆਫ਼ੀ ਮੰਗਦੇ ਹੋਏ ਆਖਿਆ ਕਿ ਲੋਕ ਸੜਕ ਨਿਰਮਾਣ 'ਚ ਖ਼ਰਾਬੀ ਤੋਂ ਬਹੁਤ ਜ਼ਿਆਦਾ ਨਾਰਾਜ਼ ਸਨ। ਉਹ ਇੰਜੀਨਿਅਰ ਨੂੰ ਨੁਕਸਾਨ ਪਹੁੰਚਾ ਸਕਦੇ ਸਨ। ਉਨ੍ਹਾਂ ਨੂੰ ਲੋਕਾਂ ਦਾ ਗੁੱਸਾ ਸ਼ਾਂਤ ਕਰਨ ਲਈ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ। ਇਸ ਘਟਨਾ ਤੋਂ ਬਾਅਦ ਵਿਰੋਧੀ ਭਾਜਪਾ ਅਤੇ ਕਾਂਗਰਸ ਵਲੋਂ ਬੀਜਦ ਵਿਧਾਇਕ ਦੀ ਇਸ ਹਰਕਤ ਦੀ ਨਿੰਦਾ ਕੀਤੀ ਜਾ ਰਹੀ ਹੈ।