
ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਆਂਧਰਾ ਪ੍ਰਦੇਸ਼
ਅਮਰਾਵਤੀ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੂਬੇ 'ਚ ਇਕ ਨਹੀਂ ਸਗੋਂ 5 ਉਪ ਮੁੱਖ ਮੰਤਰੀ ਨਿਯੁਕਤ ਕਰਨਗੇ। ਹਾਲੇ ਤਕ ਦੇਸ਼ ਦੇ ਕਿਸੇ ਸੂਬੇ 'ਚ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਗਿਆ। ਰੈੱਡੀ ਦੇ ਮੰਤਰੀ ਮੰਡਲ 'ਚ ਅਨੁਸੂਚਿਤ ਜਾਤੀ, ਜਨਜਾਤੀ, ਪਿਛੜਾ ਵਰਗ, ਘੱਟਗਿਣਤੀ ਅਤੇ ਕਾਪੂ ਭਾਈਚਾਰੇ ਤੋਂ ਇਕ-ਇਕ ਉਪ ਮੁੱਖ ਮੰਤਰੀ ਹੋਵੇਗਾ। ਉਨ੍ਹਾਂ ਨੇ ਸ਼ੁਕਰਵਾਰ ਨੂੰ ਪਾਰਟੀ ਵਿਧਾਇਕਾਂ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ।
YSRCP
ਜਗਨਮੋਹਨ ਰੈੱਡੀ ਨੇ ਅੱਜ ਅਮਰਾਵਤੀ ਦੇ ਪਾਰਟੀ ਦਫ਼ਤਰ 'ਚ ਸਾਰੇ ਨਵੇਂ ਚੁਣੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਗਮੋਹਨ ਨੇ ਕਿਹਾ ਕਿ ਉਹ ਆਪਣੀ ਕੈਬਨਿਟ 'ਚ ਸਾਰਿਆਂ ਨੂੰ ਥਾਂ ਦੇਣ ਅਤੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਮੰਤਰੀ ਮੰਡਲ 'ਚ ਕੁਲ 25 ਕੈਬਨਿਟ ਮੰਤਰੀ ਹੋਣਗੇ। ਕੈਬਨਿਟ ਦਾ ਸਹੁੰ ਚੁੱਕ ਸਮਾਗਮ ਭਲਕੇ 8 ਜੂਨ ਨੂੰ ਹੋਵੇਗਾ। ਕੈਬਨਿਟ ਵਿਸਤਾਰ ਤੋਂ ਬਾਅਦ ਭਲਕੇ ਦੁਪਹਿਰ 12 ਵਜੇ ਜਗਨਮੋਹਨ ਰੈਡੀ ਪਹਿਲੀ ਕੈਬਨਿਟ ਮੀਟਿੰਗ ਕਰਨਗੇ।
Y.S. Jagan Mohan Reddy
ਰੈੱਡੀ ਨੇ ਦੱਸਿਆ ਕਿ ਉਹ ਢਾਈ ਸਾਲ ਬਾਅਦ ਕੈਬਨਿਟ 'ਚ ਬਦਲਾਅ ਕਰਨਗੇ। ਉਨ੍ਹਾਂ ਨੇ ਵਿਧਾਇਕਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਸਾਵਧਾਨੀ ਨਾਲ ਕਰਨ ਬਾਰੇ ਕਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਨਜ਼ਰਾਂ ਸਰਕਾਰ ਦੇ ਪ੍ਰਦਰਸ਼ਨ 'ਤੇ ਹਨ ਅਤੇ ਲੋਕਾਂ ਨੂੰ ਵਾਈਐਸਆਰਸੀਪੀ ਦੀ ਸਰਕਾਰ ਅਤੇ ਪਿਛਲੀ ਸਰਕਾਰ ਵਿਚਕਾਰ ਅੰਤਰ ਵਿਖਾਉਣਾ ਹੈ।
Y.S. Jagan Mohan Reddy
ਜ਼ਿਕਰਯੋਗ ਹੈ ਕਿ ਸੂਬੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਾਈਐਸਆਰਸੀਪੀ ਨੇ ਵਿਧਾਨ ਸਭਾ ਚੋਣਾਂ 'ਚ 175 'ਚੋਂ 151 ਸੀਟਾਂ ਆਪਣੇ ਨਾਂ ਕੀਤੀਆਂ ਸਨ। ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਰਟੀ ਨੂੰ ਸਿਰਫ਼ 23 ਸੀਟਾਂ ਮਿਲੀਆਂ ਸਨ।