
ਵਾਈਐਸਆਰ ਕਾਂਗਰਸ ਦੇ ਮੁਖੀ ਵਾਈਐਸ ਜਗਨਮੋਹਨ ਰੈਡੀ ਨੇ ਵੀਰਵਾਰ ਨੂੰ ਵਿਜੈਵਾੜਾ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਆਂਧਰਾ ਪ੍ਰਦੇਸ਼: ਵਾਈਐਸਆਰ ਕਾਂਗਰਸ ਦੇ ਮੁਖੀ ਵਾਈਐਸ ਜਗਨਮੋਹਨ ਰੈਡੀ ਨੇ ਵੀਰਵਾਰ ਨੂੰ ਵਿਜੈਵਾੜਾ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹਨਾਂ ਨੂੰ ਰਾਜਪਾਲ ਈਐਸਐਲ ਨਰਸੀਮਹਨ ਨੇ ਵਿਜੈਵਾੜਾ ਦੇ ਆਈਜੀਐਮਸੀ ਸਟੇਡੀਅਮ ਵਿਚ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਉ ਅਤੇ ਡੀਐਮਕੇ ਪ੍ਰਧਾਨ ਐਮਕੇ ਸਟਾਲਿਨ ਵੀ ਮੌਜੂਦ ਰਹੇ। ਆਂਧਰਾ ਪ੍ਰਦੇਸ਼ ਦੀ ਵੰਡ ਤੋਂ ਬਾਅਦ ਰੈਡੀ ਨੇ ਸੂਬੇ ਦੇ ਦੂਜੇ ਮੁੱਖ ਮੰਤਰੀ ਦੇ ਤੌਰ ‘ਤੇ ਸੂਬੇ ਦੀ ਕਮਾਨ ਸੰਭਾਲੀ ਹੈ।
YSR Congress Party
ਜਗਨਮੋਹਨ ਰੈਡੀ ਨੇ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਦੋਵੇਂ ਤੇਲੁਗੂ ਸੂਬਿਆਂ ਦਾ ਵਿਕਾਸ ਆਪਸੀ ਸਮਝ ਦੇ ਨਾਲ ਕਰਨ ਦੀ ਜ਼ਰੂਰਤ ਹੈ। ਨਵੀਂ ਦਿੱਲੀ ਸਥਿਤ ਆਂਧਰਾ ਪ੍ਰਦੇਸ਼ ਭਵਨ ਵਿਚ ਪਹਿਲੀ ਵਾਰ ਸਹੁੰ ਚੁੱਕ ਸਮਾਗਮ ਦਾ ਸਿੱਧਾ ਪ੍ਰਸਾਰਣ ਦੇਖਣ ਲਈ ਖਾਸ ਇੰਤਜ਼ਾਮ ਕੀਤੇ ਗਏ। ਦੱਸ ਦਈਏ ਕਿ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਜਗਨਮੋਹਨ ਰੈਡੀ ਖੁੱਲੀ ਜੀਪ ਵਿਚ ਸਵਾਰ ਹੋ ਕੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਸਟੇਡੀਅਮ ਪਹੁੰਚੇ। ਰੈਡੀ ਦੀ ਪਾਰਟੀ ਨੇ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ।
YS Jaganmohan Reddy
ਵਾਈਐਸਆਰ ਕਾਂਗਰਸ ਨੇ ਵਿਧਾਨ ਸਭਾ ਦੀਆਂ 175 ਸੀਟਾਂ ਵਿਚੋਂ 151 ਸੀਟਾਂ ‘ਤੇ ਜਿੱਤ ਦਰਜ ਕੀਤੀ, ਜਦਕਿ ਲੋਕ ਸਭਾ ਦੀਆਂ 25 ਸੀਟਾਂ ਵਿਚੋਂ 22 ‘ਤੇ ਜਿੱਤ ਹਾਸਿਲ ਕੀਤੀ। ਇਸਦੇ ਨਾਲ ਹੀ ਚੰਦਰਬਾਬੂ ਨਾਇਡੂ ਦੀ ਪਾਰਟੀ ਤੇਦੇਪਾ ਨੂੰ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਸਿਰਫ 23 ਸੀਟਾਂ ਹੀ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਜਗਨਮੋਹਨ ਰੈਡੀ ਨੇ ਕਾਂਗਰਸ ਤੋਂ ਅਲੱਗ ਹੋ ਕੇ ਦਸੰਬਰ 2010 ਨੂੰ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਸੀ। ਉਹਨਾਂ ਨੇ ਮਾਰਚ 2011 ਵਿਚ ਅਪਣੇ ਪਿਤਾ ਵਾਈਐਸ ਰਾਜਸ਼ੇਖਰ ਰੈਡੀ ਦੇ ਨਾਂਅ ‘ਤੇ ਨਵੀਂ ਪਾਰਟੀ ਦਾ ਨਾਂਅ ਵਾਈਐਸਆਰ ਕਾਂਗਰਸ ਰੱਖਿਆ ਸੀ।