
ਕਾਂਗਰਸ ਨੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਵਿਰੁਧ ਆਗਾਮੀ 10 ਸਤੰਬਰ ਨੂੰ 'ਭਾਰਤ ਬੰਦ' ਦਾ ਸੱਦਾ ਦਿਤਾ ਹੈ.............
ਨਵੀਂ ਦਿੱਲੀ : ਕਾਂਗਰਸ ਨੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਵਿਰੁਧ ਆਗਾਮੀ 10 ਸਤੰਬਰ ਨੂੰ 'ਭਾਰਤ ਬੰਦ' ਦਾ ਸੱਦਾ ਦਿਤਾ ਹੈ। ਪਾਰਟੀ ਨੇ ਹੋਰ ਵਿਰੋਧੀ ਪਾਰਟੀਆਂ, ਸਮਾਜਕ ਜਥੇਬੰਦੀਆਂ ਅਤੇ ਸਮਾਜਕ ਕਾਰਕੁਨਾਂ ਨੂੰ ਸੱਦਾ ਦਿਤਾ ਕਿ ਉਹ ਭਾਰਤ ਬੰਦ ਦਾ ਸਮਰਥਨ ਕਰਨ। ਕਾਂਗਰਸ ਦਾ ਕਹਿਣਾ ਹੈ ਕਿ ਭਾਰਤ ਬੰਦ ਸਵੇਰੇ ਨੌਂ ਵਜੇ ਤੋਂ ਦਿਨ ਵਿਚ ਤਿੰਨ ਵਜੇ ਤਕ ਹੋਵੇਗਾ ਤਾਕਿ ਆਮ ਜਨਤਾ ਨੂੰ ਦਿੱਕਤ ਨਾ ਹੋਵੇ। ਪਾਰਟੀ ਆਗੂ ਅਸ਼ੋਕ ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅੱਜ ਦੇਸ਼ ਦਾ ਕੋਈ ਵਰਗ ਖ਼ੁਸ਼ ਨਹੀਂ। ਮਹਿੰਗਾਈ ਦੀ ਮਾਰ ਨੇ ਸਾਰਿਆਂ ਦਾ ਲੱਕ ਤੋੜ ਦਿਤਾ ਹੈ।
ਪਟਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਲੋਕ ਪ੍ਰੇਸ਼ਾਨ ਹਨ। ਹਿੰਸਾ ਦਾ ਮਾਹੌਲ ਵੀ ਹੈ। ਹਰ ਕੋਈ ਪ੍ਰੇਸ਼ਾਨ ਹੈ।' ਉਨ੍ਹਾਂ ਕਿਹਾ, 'ਅੱਜ ਦੀ ਬੈਠਕ ਵਿਚ ਇਹ ਤੈਅ ਕੀਤਾ ਕਿ 10 ਸਤੰਬਰ ਨੂੰ ਭਾਰਤ ਬੰਦ ਹੋਵੇਗਾ। ਇਹ ਸਵੇਰੇ ਨੌਂ ਵਜੇ ਤੋਂ ਦਿਨ ਵਿਚ ਤਿੰਨ ਵਜੇ ਤਕ ਹੋਵੇਗਾ ਤਾਕਿ ਜਨਤਾ ਨੂੰ ਦਿੱਕਤ ਨਾ ਹੋਵੇ। ਦੂਜੀਆਂ ਵਿਰੋਧੀਆਂ ਪਾਰਟੀਆਂ ਵੀ ਸਾਥ ਦੇਣਗੀਆਂ।'
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਪਟਰੌਲ ਤੇ ਡੀਜ਼ਲ 'ਤੇ ਕਰ ਜ਼ਰੀਏ 11 ਲੱਖ ਕਰੋੜ ਰੁਪਏ ਦੀ ਲੁੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਤਾਕਿ ਸਰਕਾਰ ਉਤੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਅਤੇ ਦੋਹਾਂ ਨੂੰ ਜੀਐਸਟੀ ਹੇਠ ਲਿਆਉਣ ਦਾ ਦਬਾਅ ਵੱਧ ਸਕੇ।' (ਏਜੰਸੀ)