
ਭਾਰਤ ਅਤੇ ਅਮਰੀਕਾ ਨੇ ਉਸ ਕਰਾਰ 'ਤੇ ਹਸਤਾਖਰ ਕੀਤੇ ਹਨ ਜਿਸ 'ਤੇ ਲੰਮੇ ਸਮੇਂ ਤੋਂ ਦੋਵੇਂ ਧਿਰਾਂ ਚਰਚਾ ਕਰ ਰਹੀਆਂ ਸਨ............
ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਨੇ ਉਸ ਕਰਾਰ 'ਤੇ ਹਸਤਾਖਰ ਕੀਤੇ ਹਨ ਜਿਸ 'ਤੇ ਲੰਮੇ ਸਮੇਂ ਤੋਂ ਦੋਵੇਂ ਧਿਰਾਂ ਚਰਚਾ ਕਰ ਰਹੀਆਂ ਸਨ। ਇਸ ਕਰਾਰ ਤਹਿਤ ਭਾਰਤੀ ਫ਼ੌਜ ਨੂੰ ਅਮਰੀਕਾ ਤੋਂ ਅਹਿਮ ਅਤੇ ਸੁਰੱਖਿਅਤ ਰਖਿਆ ਤਕਨੀਕਾਂ ਮਿਲਣਗੀਆਂ। ਇਸ ਨਾਲ ਹੀ ਦੋਹਾਂ ਦੇਸ਼ ਨੇ ਸਰਹੱਦ ਪਾਰਲੇ ਅਤਿਵਾਦ, ਐਨਐਸਜੀ ਦੀ ਮੈਂਬਰੀ ਲਈ ਭਾਰਤ ਦੇ ਯਤਨ ਅਤੇ ਵਿਵਾਦਤ ਐਚ1ਬੀ ਵੀਜ਼ਾ ਦੇ ਮੁੱਦੇ 'ਤੇ ਵੀ ਚਰਚਾ ਕੀਤੀ। ਦੋਹਾਂ ਦੇਸ਼ਾਂ ਵਿਚਾਲੇ ਹਾਟਲਾਈਨ ਸਥਾਪਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ।
ਸੁਸ਼ਮਾ ਨੇ ਸਾਂਝੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮੁਢਲੀ ਗੱਲਬਾਤ ਦੇ ਏਜੰਡੇ 'ਤੇ ਉਹ ਸੰਤੁਸ਼ਟ ਹਨ। ਉਨ੍ਹਾਂ ਪੱਤਰਕਾਰਾਂ ਅੱਗੇ ਗੱਲਬਾਤ ਦਾ ਸਮੁੱਚਾ ਵੇਰਵਾ ਰਖਿਆ। ਰਖਿਆ ਮੰਤਰੀ ਸੀਤਾਰਮਣ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੀ ਰਖਿਆ ਸਮਰੱਥਾ ਅਤੇ ਤਿਆਰੀਆਂ ਨੂੰ ਵਧਾਏਗਾ। ਇਹ ਕਰਾਰ ਅਮਰੀਕਾ ਤੋਂ ਮੰਗਾਏ ਗਏ ਰਖਿਆ ਪਲੈਟਫ਼ਾਰਮਾਂ 'ਤੇ ਉੱਚ ਸੁਰੱਖਿਆ ਵਾਲੇ ਅਮਰੀਕੀ ਸੰਚਾਰ ਉਪਕਰਨਾਂ ਨੂੰ ਲਾਉਣ ਦੀ ਇਜਾਜ਼ਤ ਦੇਵੇਗਾ।
ਅਧਿਕਾਰੀਆਂ ਨੇ ਦਸਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਅਮਰੀਕੀ ਵਿਦੇਸ਼ ਮੰਤਰੀ ਐਮ ਆਰ ਪੋਪਿਉ ਅਤੇ ਰਖਿਆ ਮੰਤਰੀ ਜੇਮਜ਼ ਮੈਟਿਸ ਨਾਲ ਪਹਿਲੀ 'ਟੂ ਪਲੱਸ ਟੂ' ਗੱਲਬਾਤ ਮਗਰੋਂ ਸੰਚਾਰ, ਅਨੁਕੂਲਤਾ ਅਤੇ ਸੁਰੱਖਿਆ ਸਮਝੌਤੇ 'ਤੇ ਹਸਤਾਖਰ ਕੀਤੇ ਗਏ।
ਇਹ ਸਮਝੌਤਾ ਹੋਣ ਨਾਲ ਭਾਰਤ ਨੂੰ ਅਮਰੀਕਾ ਤੋਂ ਅਹਿਮ ਰਖਿਆ ਤਕਨੀਕਾਂ ਹਾਸਲ ਕਰਨ ਦਾ ਰਸਤਾ ਸਾਫ਼ ਹੋ ਜਾਵੇਗਾ
ਅਤੇ ਅਮਰੀਕਾ ਤੇ ਭਾਰਤ ਹਥਿਆਰਬੰਦ ਬਲਾਂ ਵਿਚਾਲੇ ਅੰਤਰ-ਸਰਗਰਮੀ ਲਈ ਅਹਿਮ ਸੰਚਾਰ ਨੈਟਵਰਕ ਤਕ ਉਸ ਦੀ ਪਹੁੰਚ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਅਮਰੀਕਾ ਤੋਂ ਮੰਗਾਏ ਜਾ ਰਹੇ ਰਖਿਆ ਪਲੈਟਫ਼ਾਰਮਾਂ 'ਤੇ ਉੱਚ ਸੁਰੱਖਿਆ ਵਾਲੇ ਅਮਰੀਕੀ ਸੰਚਾਰ ਉਪਕਰਨਾਂ ਨੂੰ ਲਾਇਆ ਜਾ ਸਕੇਗਾ। ਇਸ ਸਮਝੌਤੇ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੋਹਾਂ ਧਿਰਾਂ ਵਿਚ ਪਹਿਲੀ 'ਟੂ ਪਲੱਸ ਟੂ' ਗੱਲਬਾਤ ਹੋਈ। (ਏਜੰਸੀ)