
ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਈਟੀ ਕੰਪਨੀਆਂ ਨੇ ਵੀ ਘਰੋਂ ਕੰਮ ਕਰਨ ਦਾ ਐਲਾਨ ਕੀਤਾ ਹੈ।
ਬੈਂਗਲੁਰੂ: ਦੇਸ਼ ਦੇ ਸਿਲੀਕਾਨ ਸਿਟੀ ਬੈਂਗਲੁਰੂ 'ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕਰਨਾਟਕ ਦੇ ਸੀਐਮ ਨੇ ਕਿਹਾ ਕਿ ਮੀਂਹ ਨੇ 90 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਹਾਲਾਤ ਇਹ ਹਨ ਕਿ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿਚ ਆਲੀਸ਼ਾਨ ਬੰਗਲੇ ਅਤੇ ਲੈਕਸਸ, ਬੈਂਟਲੇ, ਬੀਐਮਡਬਲਿਊ ਅਤੇ ਰੇਂਜ ਰੋਵਰ ਵਰਗੀਆਂ ਲਗਜ਼ਰੀ ਕਾਰਾਂ ਪਾਣੀ ਵਿਚ ਡੁੱਬ ਗਈਆਂ ਹਨ। ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਈਟੀ ਕੰਪਨੀਆਂ ਨੇ ਵੀ ਘਰੋਂ ਕੰਮ ਕਰਨ ਦਾ ਐਲਾਨ ਕੀਤਾ ਹੈ।
ਬੈਂਗਲੁਰੂ 'ਚ ਸੋਮਵਾਰ ਨੂੰ ਭਾਰੀ ਮੀਂਹ ਕਾਰਨ 23 ਸਾਲਾ ਲੜਕੀ ਦੀ ਮੌਤ ਹੋ ਗਈ। ਪਾਣੀ ਨਾਲ ਭਰੀ ਸੜਕ 'ਤੇ ਸਕੂਟੀ ਫਿਸਲਣ ਤੋਂ ਬਾਅਦ ਉਸ ਨੇ ਨੇੜੇ ਲੱਗੇ ਬਿਜਲੀ ਦੇ ਖੰਭੇ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਪਰ ਖੰਭੇ ਤੋਂ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਮੌਸਮ ਵਿਭਾਗ ਨੇ 8 ਅਤੇ 9 ਸਤੰਬਰ ਤੱਕ ਕੇਰਲ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਜਨਜੀਵਨ ਠੱਪ ਹੋ ਗਿਆ ਹੈ। ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ ਅਤੇ ਸੜਕਾਂ 'ਤੇ ਕਿਸ਼ਤੀਆਂ ਚੱਲ ਰਹੀਆਂ ਹਨ। ਬੈਂਗਲੁਰੂ 'ਚ ਪਹਿਲੀ ਵਾਰ ਅਜਿਹੀ ਸਥਿਤੀ ਪੈਦਾ ਹੋਈ ਹੈ, ਜਦੋਂ ਆਈਟੀ ਕਰਮਚਾਰੀ ਟਰੈਕਟਰ 'ਤੇ ਦਫਤਰ ਜਾ ਰਹੇ ਹਨ।
ਬੈਂਗਲੁਰੂ 'ਚ ਲਗਾਤਾਰ ਮੀਂਹ ਕਾਰਨ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਬਾਹਰਲੇ ਇਲਾਕਿਆਂ ਵਿਚ ਹੜ੍ਹ ਆ ਗਿਆ ਹੈ। ਜ਼ਰੂਰੀ ਸਮਾਨ ਦੀ ਸਪਲਾਈ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। 2 ਦਿਨਾਂ ਤੋਂ ਟਰੈਫਿਕ ਜਾਮ ਦੀ ਸਮੱਸਿਆ ਵੀ ਵਧ ਗਈ ਹੈ। ਮੁੱਖ ਮੰਤਰੀ ਅਨੁਸਾਰ 430 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਅਤੇ 2,188 ਹੋਰਾਂ ਨੂੰ ਨੁਕਸਾਨ ਹੋਇਆ ਹੈ।
ਆਈਟੀ ਕੰਪਨੀਆਂ ਵਿਚ ਕੰਮ ਕਰਦੇ ਕਰਮਚਾਰੀ ਟਰੈਕਟਰਾਂ ਰਾਹੀਂ ਆਪਣੇ ਦਫ਼ਤਰਾਂ ਨੂੰ ਜਾ ਰਹੇ ਹਨ। ਇਕ ਮੁਲਾਜ਼ਮ ਨੇ ਦੱਸਿਆ ਕਿ ਮੀਂਹ ਕਾਰਨ ਸਾਡਾ ਕੰਮ ਪ੍ਰਭਾਵਿਤ ਹੋਇਆ ਹੈ। ਅਸੀਂ 50 ਰੁਪਏ ਦੇ ਕੇ ਟਰੈਕਟਰਾਂ ਰਾਹੀਂ ਦਫ਼ਤਰ ਜਾ ਰਹੇ ਹਾਂ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਭਰੋਸਾ ਦਿੱਤਾ ਹੈ ਕਿ ਉਹ ਕਰਮਚਾਰੀਆਂ ਦੀ ਸਮੱਸਿਆ ਬਾਰੇ ਆਈਟੀ ਕੰਪਨੀਆਂ ਨਾਲ ਗੱਲ ਕਰਨਗੇ।
ਬੈਂਗਲੁਰੂ 'ਚ ਕਰੀਬ 75 ਇਲਾਕੇ ਪਾਣੀ 'ਚ ਡੁੱਬੇ ਹੋਏ ਹਨ। ਹੜ੍ਹ ਨਾਲ ਪ੍ਰਭਾਵਿਤ ਕਰੀਬ 2 ਹਜ਼ਾਰ ਲੋਕ ਆਪਣੇ ਘਰ ਛੱਡ ਕੇ ਹੋਰ ਥਾਵਾਂ 'ਤੇ ਚਲੇ ਗਏ ਹਨ। ਮੀਂਹ ਕਾਰਨ ਕਰੀਬ 20,000 ਵਾਹਨ ਨੁਕਸਾਨੇ ਗਏ ਹਨ। ਇਸ ਦੌਰਾਨ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਇਕ ਕੰਪਨੀ ਦਾ ਸੀਈਓ ਆਪਣੇ ਪਰਿਵਾਰ ਨਾਲ ਟਰੈਕਟਰ 'ਤੇ ਘਰ ਛੱਡ ਕੇ ਕਿਸੇ ਹੋਰ ਥਾਂ ਨੂੰ ਜਾਂਦਾ ਨਜ਼ਰ ਆ ਰਿਹਾ ਹੈ।