
ਪਛਮੀ ਬੰਗਾਲ ਸਰਕਾਰ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਦੀ ਕੂਚਬਿਹਾਰ 'ਚ ਹੋਣ ਵਾਲੀ 'ਰੱਥ ਯਾਤਰਾ' ਨੂੰ ਇਜਾਜ਼ਤ ਦੇਣ........
ਲਖਨਊ : ਪਛਮੀ ਬੰਗਾਲ ਸਰਕਾਰ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਦੀ ਕੂਚਬਿਹਾਰ 'ਚ ਹੋਣ ਵਾਲੀ 'ਰੱਥ ਯਾਤਰਾ' ਨੂੰ ਇਜਾਜ਼ਤ ਦੇਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿਤਾ ਹੈ ਕਿ ਇਸ ਨਾਲ ਫ਼ਿਰਕੂ ਤਣਾਅ ਪੈਦਾ ਹੋ ਸਕਦਾ ਹੈ। ਉਧਰ ਕਲਕੱਤਾ ਹਾਈ ਕੋਰਟ ਨੇ ਵੀ ਬੰਗਾਲ ਸਰਕਾਰ ਦੇ ਇਸ ਰੁਖ਼ਤ ਤੋਂ ਬਾਅਦ ਕਿਹਾ ਕਿ ਉਹ ਇਸ ਸਮੇਂ ਭਾਜਪਾ ਦੀ ਰੈਲੀ ਨੂੰ ਇਜਾਜ਼ਤ ਨਹੀਂ ਦੇ ਸਕਦੀ। ਅਦਾਲਤ ਨੇ ਭਾਜਪਾ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਕਮ ਦਿਤਾ
ਕਿ ਪਛਮੀ ਬੰਗਾਲ 'ਚ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਸੂਪਰਡੈਂਟ ਪਾਰਟੀ ਵਲੋਂ 'ਰੱਥ ਯਾਤਰਾ' ਕੱਢਣ 'ਤੇ ਉਸ ਨੂੰ 21 ਦਸੰਬਰ ਤਕ ਰੀਪੋਰਟ ਸੌਂਪਣ। ਹਾਈ ਕੋਰਟ ਤੋਂ ਇਜਾਜ਼ਤ ਨਾ ਮਿਲਣ 'ਤੇ ਭਾਜਪਾ ਨੇ ਰੱਥ ਯਾਤਰਾ ਕੱਢਣ ਦੀ ਅਰਜ਼ੀ ਨੂੰ ਲੈ ਕੇ ਡਿਵੀਜ਼ਨ ਬੈਂਚ ਜਾਣ ਦਾ ਫ਼ੈਸਲਾ ਕੀਤਾ ਹੈ। ਭਾਜਪਾ ਦਾ ਵੱਖੋ-ਵੱਖ ਹਿੱਸਿਆਂ ਤੋਂ ਅਤੇ ਸੂਬੇ ਦੀਆਂ ਸਾਰੀਆਂ 42 ਲੋਕ ਸਭਾ ਸੀਟਾਂ ਤਕ ਤਿੰਨ ਰੱਥ ਯਾਤਰਾਵਾਂ ਕੱਢਣ ਦਾ ਪ੍ਰੋਗਰਾਮ ਹੈ। ਰੈਲੀ ਕਰਨ ਦੀਆਂ ਉਸ ਦੀਆਂ ਅਰਜ਼ੀਆਂ 'ਤੇ ਕੋਈ ਜਵਾਬ ਨਾ ਮਿਲਣ ਤੋਂ ਬਾਅਦ ਭਾਜਪਾ ਨੇ ਅਦਾਲਤ ਦਾ ਰੁਖ਼ ਕਰਦਿਆਂ ਰੈਲੀਆਂ ਲਈ ਇਜਾਜ਼ਤ ਦੇਣ ਲਈ ਸੂਬਾ ਸਰਕਾਰ ਨੂੰ ਹੁਕਮ ਦੇਣ ਦੀ ਮੰਗ ਕੀਤੀ ਸੀ।
ਭਾਜਪਾ ਦਾ 7 ਦਸੰਬਰ ਤੋਂ ਉੱਤਰ 'ਚ ਕੂਚਬਿਹਾਰ ਤੋਂ ਮੁਹਿੰਮ ਸ਼ੁਰੂ ਕਰਨ ਦਾ ਪ੍ਰੋਗਰਾਮ ਹੈ। ਇਸ ਤੋਂ ਬਾਅਦ 9 ਦਸੰਬਰ ਨੂੰ ਦਖਣੀ 24 ਪਰਗਨਾ ਜ਼ਿਲ੍ਹਾ ਅਤੇ 14 ਦਸੰਬਰ ਨੂੰ ਬੀਰਭੂਮ ਜ਼ਿਲ੍ਹੇ 'ਚ ਤਾਰਾਪੀਠ ਮੰਦਰ ਤੋਂ ਭਾਜਪਾ ਦਾ ਰੱਥ ਯਾਤਰਾ ਸ਼ੁਰੂ ਕਰਨ ਦਾ ਪ੍ਰੋਗਰਾਮ ਹੈ। ਸੂਬਾ ਸਰਕਾਰ ਦੇ ਬੁਲਾਰੇ ਕਿਸ਼ੋਰ ਦੱਤਾ ਨੇ ਕਿਹਾ ਕਿ ਜ਼ਿਲ੍ਹੇ 'ਚ ਫ਼ਿਰਕੂ ਮੁੱਦਿਆਂ ਦਾ ਇਕ ਇਤਿਹਾਸ ਰਿਹਾ ਹੈ ਅਤੇ ਅਜਿਹੀ ਸੂਚਨਾ ਹੈ
ਕਿ ਫ਼ਿਰਕੂ ਹਿੰਸਾ ਨੂੰ ਉਕਸਾਉਣ ਵਾਲੇ ਕੁੱਝ ਲੋਕ ਅਤੇ ਸ਼ਰਾਰਤੀ ਤੱਤ ਇੱਥੇ ਸਰਗਰਮ ਹਨ। ਉਧਰ ਨਵੀਂ ਦਿੱਲੀ 'ਚ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤਾਨਾਸ਼ਾਹੀ ਚਲਾ ਰਹੀ ਹੈ ਅਤੇ ਉਹ ਤੁਸ਼ਟੀਕਰਨ ਦੀ ਸਿਆਸਤ 'ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸੇ ਕਰ ਕੇ ਉਨ੍ਹਾਂ ਨੇ ਪਹਿਲਾਂ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਅਤੇ ਹੁਣ ਸ਼ਾਹ ਦੇ ਪ੍ਰੋਗਰਾਮ 'ਤੇ ਰੋਕ ਲਾ ਦਿਤੀ ਹੈ। (ਪੀਟੀਆਈ)