
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੀ ਪਛਮੀ ਬੰਗਾਲ ਇਕਾਈ ਦੇ ਮੁੱਖ ਆਗੂਆਂ ਨਾਲ ਗੱਲਬਾਤ ਕੀਤੀ.........
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੀ ਪਛਮੀ ਬੰਗਾਲ ਇਕਾਈ ਦੇ ਮੁੱਖ ਆਗੂਆਂ ਨਾਲ ਗੱਲਬਾਤ ਕੀਤੀ। ਬੈਠਕ ਵਿਚ ਇਨ੍ਹਾਂ ਆਗੂਆਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਗਠਜੋੜ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਅਪਣੇ ਵਿਚਾਰ ਉਨ੍ਹਾਂ ਨਾਲ ਸਾਂਝੇ ਕੀਤੇ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਦਾ ਵਾਰਰੂਮ ਕਹੇ ਜਾਣ ਵਾਲੇ '15 ਰਕਾਬਗੰਜਜ ਰੋਡ' 'ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਇਨ੍ਹਾਂ ਆਗੂਆਂ ਨੇ ਸੂਬੇ 'ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਪਣੇ ਵਿਚਾਰ ਸਾਂਝੇ ਕੀਤੇ ਅਤੇ ਗਠਜੋੜ ਨੂੰ ਲੈ ਕੇ ਵੀ ਅਪਣੀ ਰਾਏ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ।
ਬੈਠਕ ਮਗਰੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਆਗਾਮੀ ਲੋਕ ਸਭਾ ਚੋਣਾਂ 'ਚ ਸੂਬੇ 'ਚ ਗਠਜੋੜ ਨੂੰ ਲੈ ਕੇ ਪਾਰਟੀ ਦੋ ਧੜਿਆਂ 'ਚ ਵੰਡੀ ਹੋਈ ਹੈ। ਪਛਮੀ ਬੰਗਾਲ ਕਾਂਗਰਸ ਦਾ ਇਕ ਧੜਾ ਤ੍ਰਿਣਮੂਲ ਕਾਂਗਰਸ ਨਾਲ ਗਠਜੋੜ ਦੇ ਹੱਕ 'ਚ ਹੈ ਜਦਕਿ ਦੂਜਾ ਸੀ.ਪੀ.ਐਮ. ਨਾਲ ਜਾਣ ਦੇ ਪੱਖ 'ਚ ਹੈ। ਹਾਲਾਂਕਿ ਸੂਬੇ ਕਾਂਗਰਸ ਕਮੇਟੀ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਅਜਿਹਾ ਹੋਣ ਤੋਂ ਇਨਕਾਰ ਕਰ ਦਿਤਾ। ਸੂਤਰਾਂ ਮੁਤਾਬਕ ਗਾਂਧੀ ਇਨ੍ਹਾਂ ਆਗੂਆਂ ਨੂੰ ਇਕ ਇਕ ਕਰ ਕੇ ਮਿਲੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਸੁਣੇ। (ਏਜੰਸੀ)