
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ 'ਤੇ ਜ਼ੁਬਾਨੀ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਹ 'ਲੋਕਤੰਤਰ ਦਾ ਗਲ ਘੁੱਟ ਰਹੀ ਹੈ'........
ਮਿਦਨਾਪੁਰ (ਪਛਮੀ ਬੰਗਾਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ 'ਤੇ ਜ਼ੁਬਾਨੀ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਹ 'ਲੋਕਤੰਤਰ ਦਾ ਗਲ ਘੁੱਟ ਰਹੀ ਹੈ' ਅਤੇ 'ਸਿੰਡੀਕੇਟ ਰਾਜ' ਚਲਾ ਰਹੀ ਹੈ, ਜਿਸ ਦੀ ਇਜਾਜ਼ਤ ਤੋਂ ਬਗ਼ੈਰ ਕੁੱਝ ਵੀ ਨਹੀਂ ਹੁੰਦਾ। ਇਸ 'ਤੇ ਤ੍ਰਿਣਮੂਲ ਕਾਂਗਰਸ ਨੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 'ਧਾਰਮਕ ਅਤਿਵਾਦ ਫੈਲਾਉਣ ਵਾਲਾ' ਸਿੰਡੀਕੇਟ ਚਲਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇਥੇ ਕਿਸਾਨ ਭਲਾਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ 'ਤੇ ਕੰਮ ਕਰ ਰਹੀ ਹੈ।
ਆਉਣ ਵਾਲੀਆਂ ਆਮ ਚੋਣਾਂ ਬਾਬਤ ਉਨ੍ਹਾਂ ਕਿਹਾ ਕਿ ਪਛਮੀ ਬੰਗਾਲ ਦੇ ਲੋਕਾਂ ਨੂੰ ਅਗਲੇ ਕੁੱਝ ਮਹੀਨਿਆਂ 'ਚ ਤ੍ਰਿਣਮੂਲ ਕਾਂਗਰਸ ਦੇ 'ਕੁਸ਼ਾਸਨ' ਤੋਂ ਮੁਕਤੀ ਮਿਲ ਜਾਵੇਗੀ। ਮੋਦੀ ਨੇ ਤ੍ਰਿਣਮੂਲ ਸਰਕਾਰ ਵਿਰੁਧ ਹਮਲਾ ਕਰਦਆਂ ਕਿਹਾ ਕਿ ਪਛਮੀ ਬੰਗਾਲ 'ਚ 'ਸਿੰਡੀਕੇਟ' ਦੀ ਇਜਾਜ਼ਤ ਤੋਂ ਬਗ਼ੈਰ ਕੁੱਝ ਵੀ ਹਾਸਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ, ''ਵੰਦੇ ਮਾਤਰਮ ਅਤੇ ਜਨ ਗਣ ਮਨ ਦੀ ਧਰਤੀ 'ਤੇ ਸਿਆਸੀ ਸਿੰਡੀਕੇਟ ਦਾ ਰਾਜ ਹੈ।'' ਉਨ੍ਹਾਂ ਕਿਹਾ ਕਿ ਇਹ ਸਿੰਡੀਕੇਟ ਤੁਸ਼ਟੀਕਰਨ ਅਤੇ ਵੋਟ ਬੈਂਕ ਦੀ ਸਿਆਸਤ ਚਲਾ ਰਹੀ ਹੈ। ਉਨ੍ਹਾਂ ਤ੍ਰਿਣਮੂਲ ਕਾਂਗਰਸ ਸਰਕਾਰ 'ਤੇ ਚਿਟ ਫ਼ੰਡ ਚਲਾਉਣ, ਕਿਸਾਨਾਂ ਦੇ ਲਾਭ ਨੂੰ ਹੜੱਪਣ ਅਤੇ ਗ਼ਰੀਬਾਂ 'ਤੇ ਜ਼ੁਲਮ ਕਰਨ
ਲਈ ਸਿੰਡੀਕੇਟ ਚਲਾਉਣ ਦਾ ਦੋਸ਼ ਲਾਇਆ। ਮੋਦੀ ਅਨੁਸਾਰ ਪਛਮੀ ਬੰਗਾਲ 'ਚ ਪੂਜਾ, ਰਵਾਇਤਾਂ ਅਤੇ ਵਿਰਾਸਤ ਖ਼ਤਰੇ 'ਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ 'ਚ ਨਿਵੇਸ਼ ਆਉਣਾ ਬੰਦ ਹੋ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਸਿੰਡੀਕੇਟ ਨੂੰ ਪੈਸਾ ਦੇਣਾ ਪੈਂਦਾ ਹੈ। ਉਨ੍ਹਾਂ ਪਛਮੀ ਬੰਗਾਲ ਸਰਕਾਰ 'ਤੇ ਕਾਲਜਾਂ 'ਚ ਦਾਖ਼ਲੇ ਲਈ ਪੈਸੇ ਵਸੂਲਣ, ਦਲਿਤਾਂ ਵਿਰੁਧ ਹਿੰਸਾ ਕਰਨ ਅਤੇ ਕੇਂਦਰ ਸਰਕਾਰ ਤੋਂ ਮਿਲੇ ਪੈਸੇ ਨੂੰ ਸਹੀ ਜਗ੍ਹਾ ਨਾ ਵਰਤਣ ਦਾ ਦੋਸ਼ ਲਾਇਆ। ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਹਮਲਿਆਂ ਦੇ ਜਵਾਬ 'ਚ ਤ੍ਰਿਣਮੂਲ ਕਾਂਗਰਸ ਨਨੇ ਕਿਹਾ ਕਿ ਮੋਦੀ ਪਛਮੀ ਬੰਗਾਲ ਸਰਕਾਰ ਵਿਰੁਧ ਗ਼ਲਤ ਸੂਚਨਾ ਫੈਲਾ ਰਹੇ ਹਨ। ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ
ਧਾਰਮਕ ਅਤਿਵਾਦ ਫੈਲਾਉਣ ਵਾਲਾ ਸਿੰਡੀਕੇਟ ਚਲਾ ਰਹੀ ਹੈ। ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਾਰਥ ਚੈਟਰਜੀ ਅਤੇ ਰਾਜ ਸਭਾ 'ਚ ਪਾਰਟੀ ਆਗੂ ਡੇਰੇਕ ਓ. ਬਰਾਵੂਨ ਨੇ ਜਵਾਬੀ ਹਮਲਾ ਕਰਦਿਆਂ ਇਕ ਸਾਂਝੇ ਬਿਆਨ 'ਚ ਕਿਹਾ, ''ਸਿੰਡੀਕੇਟ। ਭਾਜਪਾ ਆਗੂਆਂ ਤੋਂ ਬਿਹਤਰ ਸਿੰਡੀਕੇਟ ਬਾਰੇ ਕੌਣ ਜਾਣਦਾ ਹੈ? ਤੁਹਾਡੀ ਪਾਰਟੀ ਸਿੰਡੀਕੇਟ ਹੈ ਜੋ ਧਾਰਮਕ ਅਤਿਵਾਦ ਫੈਲਾਉਂਦੀ ਹੈ। ਤੁਹਾਡੀ ਪਾਰਟੀ ਕੱਟੜਪੰਥ ਦਾ ਸਿੰਡੀਕੇਟ ਹੈ।
ਤੁਹਾਡੀ ਪਾਰਟੀ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ ਵਾਲਾ ਸਿੰਡੀਕੇਟ ਹੈ। ''ਬਿਆਨ 'ਚ ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੂੰ ਜਿੰਨਾ ਪ੍ਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ ਪ੍ਰਧਾਨ ਮੰਤਰੀ ਕਰ ਲੈਣ ਪਰ ਪਾਰਟੀ ਭਾਜਪਾ ਸਿੰਡੀਕੇਟ ਸਾਹਮਣੇ ਨਹੀਂ ਝੁਕੇਗੀ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਭਾਸ਼ਣਾਂ ਨੇ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਕੋਲ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ। (ਪੀਟੀਆਈ)