ਖੇਤੀ ਕਾਨੂੰਨ: ਕ੍ਰਾਂਤੀਕਾਰੀ ਪੈੜਾਂ ਪਾਉਣ ’ਚ ਸਫ਼ਲ ਹੋਇਆ ਕਿਸਾਨੀ ਘੋਲ, ਨੌਜਵਾਨਾਂ ਦੀ ਬਦਲੀ ਸੋਚ
Published : Dec 7, 2020, 4:50 pm IST
Updated : Dec 7, 2020, 4:52 pm IST
SHARE ARTICLE
Delhi March
Delhi March

ਭੀੜ ’ਚ ਗੁਆਚੇ ਹੀਰਿਆਂ ਨੂੰ ਸਾਹਮਣੇ ਲਿਆਉਣ ’ਚ ਸਫ਼ਲ ਹੋਇਆ ਕਿਸਾਨੀ ਸੰਘਰਸ਼

ਚੰਡੀਗੜ੍ਹ : ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਿਹਾ ਕਿਸਾਨੀ ਸੰਘਰਸ਼ ਨਿਤ ਨਵੀਆਂ ਉਚਾਈਆਂ ਛੂਹ ਰਿਹਾ ਹੈ। ਇਹ ਘੋਲ ਸੋਚ ਬਦਲਾਊ ਕ੍ਰਾਂਤੀ ਦਾ ਰੂਪ ਧਾਰਨ ਕਰ ਗਿਆ ਹੈ ਜਿਸ ਨੇ ਵੱਡੀ ਗਿਣਤੀ ਲੋਕਾਂ ਦੀ ਸੋਚ ਨੂੰ ਨਵੀਂ ਦਿਸ਼ਾ ਦਿਤੀ ਹੈ। ਵਿਹਲੜ, ਨਿਕੰਮੇ, ਨਸ਼ਈ ਅਤੇ ਕੰਮ-ਚੋਰ ਵਰਗੇ ਸ਼ਬਦਾਂ ਦਾ ਸਾਹਮਣਾ ਕਰਨ ਵਾਲੇ ਪੰਜਾਬੀ ਨੌਜਵਾਨਾਂ ਨੇ ਖੁਦ ’ਤੇ ਲੱਗੇ ਦਾਗ਼ਾਂ ਨੂੰ ਇਕੋ-ਹੱਲੇ ਧੋ ਦਿਤਾ ਹੈ। 

Youth go to DelhiYouth go to Delhi

ਕਿਸਾਨੀ ਸੰਘਰਸ਼ ਦਾ ਅਸਰ ਕਈ ਖੇਤਰਾਂ ’ਤੇ ਪੈਣ ਲੱਗਾ ਹੈ। ਸਰਕਾਰਾਂ ਦੀਆਂ ਮਾਰੂ ਨੀਤੀਆਂ ਤੇ ਸਮਾਜਿਕ ਕੁਰੀਤੀਆਂ ਕਾਰਨ ਦੱਬੂ ਬਿਰਤੀ ਧਾਰਨ ਕਰ ਚੁਕੀ ਲੁਕਾਈ ਲਈ ਕਿਸਾਨੀ ਸੰਘਰਸ਼ ਸੰਜੀਵਨੀ ਦਾ ਕੰਮ ਕਰ ਰਿਹਾ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਦੇਸ਼ ਦੀ ਰਾਜਨੀਤੀ ’ਤੇ ਪੈਣ ਦੇ ਅਸਾਰ ਹਨ। ਹੁਣ ਤਕ ਸਿਆਸਤਦਾਨਾਂ ਦੀਆਂ ਚਿਕਣੀਆਂ, ਚੌਪੜੀਆਂ ਅਤੇ ਵੰਡ-ਪਾਊ ਚਾਲਾਂ ਦਾ ਪ੍ਰਭਾਵ ਕਬੂਲਦਿਆਂ ਆਪਸੀ ਭਾਈਚਾਰੇ ਅਤੇ ਚੰਗੇ-ਮਾੜੇ ਦੀ ਸਮਝ ਗੁਆ ਚੁੱਕੀ ਲੋਕਾਈ ਨੂੰ ਕਿਸਾਨੀ ਸੰਘਰਸ਼ ਨੇ ਅਪਣੇ ਹੱਕਾਂ ਲਈ ਉਠ ਖੜ੍ਹੇ ਹੋਣ ਅਤੇ ਏਕੇ ਦੀ ਬਰਕਤ ਦਾ ਅਹਿਸਾਸ ਕਰਵਾ ਦਿਤਾ ਹੈ।  

Delhi Police Delhi Police

ਅਪਣੀਆਂ ਲੂੰਬੜ ਚਾਲਾਂ ਨਾਲ ਲੋਕਾਂ ’ਚ ਵੰਡੀਆਂ ਪਾ ਕੇ ਤੁਛ ਸਹੂਲਤਾਂ ਦੇ ਸਹਾਰੇ ਰਾਜ ਕਰਨ ਵਾਲੀਆਂ ਧਿਰਾਂ ਅੰਦਰੋਂ-ਅੰਦਰ ਡਾਢੀਆਂ ਪ੍ਰੇਸ਼ਾਨ ਹਨ। ਕਿਸਾਨੀ ਘੋਲ ਇਸ ਹੱਦ ਤਕ ਉਚਾਈਆਂ ਛੂੰਹ ਸਕਦਾ ਹੈ, ਇਸ ਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਵੀ ਨਹੀਂ ਸੀ। ਅੱਜ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤਕ ਕੈਮਰੇ ਮੂਹਰੇ ਸੁਲਝੇ ਹੋਏ ਬੁਲਾਰਿਆਂ ਵਾਂਗ ਸਰਕਾਰਾਂ ਦੀਆਂ ਨੀਤੀਆਂ ਦੇ ਬਖੀਏ ਉਧੇੜ ਰਹੇ ਹਨ। ਇਨ੍ਹਾਂ ਵਲੋਂ ਸਿਆਸਤਦਾਨਾਂ ਦੇ ਜੁਮਲਿਆਂ ਨੂੰ ਚੁਰਾਹੇ ਨੰਗਾ ਕੀਤਾ ਜਾ ਰਿਹਾ ਹੈ।

Delhi MarchDelhi March

ਕਿਸਾਨੀ ਅੰਦੋਲਨ ਨੇ ਪੰਜਾਬ ਦਾ ਮਾਹੌਲ ਹੀ ਬਦਲ ਦਿਤਾ ਹੈ। ਮਰਦ ਦਿੱਲੀ ਮੋਰਚੇ ’ਤੇ ਡਟੇ ਹਨ ਜਦਕਿ ਔਰਤਾਂ ਨੇ ਪਿੱਛੇ ਖੇਤਾਂ ਦਾ ਕੰਮ ਸੰਭਾਲ ਲਿਆ ਹੈ। ਜਿਹੜੇ ਦਿੱਲੀ ਨਹੀਂ ਗਏ, ਉਹ ਪੰਜਾਬ ਵਿਚ ਧਰਨਾ ਲਾਈ ਬੈਠੇ ਹਨ। ਇੰਨਾ ਹੀ ਨਹੀਂ, ਪਿੰਡਾਂ ਵਿਚੋਂ ਮਨਫ਼ੀ ਹੋ ਚੁੱਕੀ ਭਾਈਚਾਰਕ ਸਾਂਝ ਇਕ ਵਾਰ ਫਿਰ ਅਪਣੇ ਪੁਰਾਣੇ ਜਲੌਅ ’ਚ ਨਜ਼ਰ ਆ ਰਹੀ ਹੈ। ਵਿਹਲੜ ਅਤੇ ਨਸ਼ਈ ਹੋਣ ਦਾ ਸੰਤਾਪ ਹੰਢਾ ਚੁੱਕੇ ਨੌਜਵਾਨ ਰਾਤੋ-ਰਾਤ ਭਗਤ ਸਿੰਘ ਦੀ ਸੋਚ ਦੇ ਧਾਰਨੀ ਬਣ ਗਏ ਹਨ। ਦਿੱਲੀ ਬੈਠੇ ਕਿਸਾਨਾਂ ਦੇ ਖੇਤਾਂ ਵਿਚਲੇ ਕੰਮ ਨਿਬੇੜਨ ਤੋਂ ਲੈ ਕੇ ਧਰਨਿਆਂ ਤਕ ਰਸਦ-ਪਾਣੀ ਪਹੁੰਚਾਉਣ ਅਤੇ ਖੁਦ ਹਾਜ਼ਰੀ ਲਵਾਉਣ ਦਾ ਫ਼ਰਜ਼ ਨੌਜਵਾਨ ਬਾਖੂਬੀ ਨਿਭਾਅ ਰਹੇ ਹਨ।

Delhi MarchDelhi March

ਮੋਦੀ ਸਰਕਾਰ ਨੇ ਖੇਤੀ ਕਾਨੂੰਨ ਬਣਾ ਕੇ ‘ਡੂੰਮਣੇ ’ਚ ਇੱਟ ਮਾਰਨ’ ਦਾ ਕੰਮ ਕੀਤਾ ਹੈ। ਸਰਕਾਰ ਨੂੰ ਇਸ ਵਿਚੋਂ ਨਿਕਲਣ ਦਾ ਰਸਤਾ ਨਹੀਂ ਸੁਝ ਰਿਹਾ। ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਦੀਆਂ ਮੰਗਾਂ ਹੁਣ ਖੇਤੀ ਕਾਨੂੰਨ ਵਾਪਸ ਕਰਵਾਉਣ ਤਕ ਸੀਮਤ ਨਹੀਂ ਰਹੀਆਂ। ਇਸ ’ਚ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਤੋਂ ਇਲਾਵਾ ਕਰਜ਼-ਮੁਆਫ਼ੀ ਸਮੇਤ ਉਹ ਸਾਰੇ ਮੁੱਦੇ ਵੀ ਸ਼ਾਮਲ ਹੋ ਗਏ ਹਨ ਜੋ ਕਿਸਾਨੀ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ ਹਨ।

Farmers ProtestFarmers Protest

ਅਪਣੀਆਂ ਹੱਕੀ ਮੰਗਾਂ ਮਨਵਾਉਣ ਖਾਤਰ ਕਿਸਾਨ ਲੰਮੇ ਸੰਘਰਸ਼ ਲਈ ਤਿਆਰ ਹਨ। ਕਿਸਾਨਾਂ ਨੇ ਅਪਣੇ ਧੀਆਂ-ਪੁੱਤਰਾਂ ਦੇ ਵਿਆਹਾਂ ਸਮੇਤ ਹੋਰ ਸਾਰੇ ਕਾਰਜ ਅੱਗੇ ਪਾ ਦਿਤੇ ਹਨ। ਕਿਸਾਨੀ ਸੰਘਰਸ਼ ਨੇ ਸਿਆਸਤਦਾਨਾਂ ਨੂੰ ਉਨ੍ਹਾਂ ਦੀ ਔਕਾਤ ਯਾਦ ਕਰਵਾ ਦਿਤੀ ਹੈ। ਭਾਜਪਾ ਨੂੰ ਛੱਡ ਕੇ ਸਾਰੀਆਂ ਧਿਰਾਂ ਕਿਸਾਨਾਂ ਦੀ ਹਾਂ ’ਚ ਹਾਂ ਮਿਲਾਉਣ ਲਈ ਮਜ਼ਬੂਰ ਹਨ। 8 ਦਸੰਬਰ ਦੇ ਭਾਰਤ ਬੰਦ ਨੂੰ ਮਿਲ ਰਹੇ ਸਮਰਥਨ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ ਹਨ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement