ਕਿਹਾ- ਮਨੁੱਖੀ ਅਧਿਕਾਰਾਂ ਨੂੰ ਧਿਆਨ ’ਚ ਰੱਖਦਿਆਂ ਤੁਰੰਤ ਰਿਹਾਅ ਕੀਤੇ ਜਾਣ ਬੰਦੀ ਸਿੰਘ
ਨਵੀਂ ਦਿੱਲੀ: ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ ਵਿਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ। ਉਹਨਾਂ ਮੰਗ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ।
ਡਿੰਪਾ ਨੇ ਕਿਹਾ ਕਿ ਪੰਜਾਬ ਵਿਚੋਂ ਕਾਲਾ ਦੌਰ ਤਾਂ ਚਲਾ ਗਿਆ ਪਰ ਬਹੁਤ ਸਾਰੀ ਪੀੜ ਪਿੱਛੇ ਛੱਡ ਗਿਆ। ਇਸ ਦੌਰਾਨ ਸਾਡੇ ਹੀ ਕੁਝ ਬੱਚੇ ਜਜ਼ਬਾਤਾਂ ਵਿਚ ਬਹਿ ਕੇ ਖਾੜਕੂਵਾਦ ਵਿਚ ਸ਼ਾਮਲ ਹੋ ਗਏ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੂੰ ਪੁਲਿਸ ਨੇ ਫੜਿਆ ਅਤੇ ਅਦਾਲਤਾਂ ਵਿਚ ਪੇਸ਼ ਕੀਤਾ। ਅਦਾਲਤਾਂ ਨੇ ਉਹਨਾਂ ਨੂੰ ਸਜ਼ਾ ਵੀ ਸੁਣਾਈ। ਹੁਣ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ, ਉਹ ਕੋਈ ਆਮ ਅਪਰਾਧੀ ਨਹੀਂ, ਸਗੋਂ ਵੱਖਰੀ ਸੋਚ ਵਾਲੇ ਹਨ, ਉਹਨਾਂ ਦੀ ਸੋਚ ਸਾਡੇ ਨਾਲ ਨਹੀਂ ਰਲ਼ਦੀ।
ਜਸਬੀਰ ਡਿੰਪਾ ਨੇ ਕਿਹਾ ਕਿ ਪਰਮਜੀਤ ਸਿੰਘ, ਜਗਤਾਰ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ, ਦਵਿੰਦਰਪਾਲ ਸਿੰਘ ਸਣੇ ਕਈ ਸਿੰਘ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ।
ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਨਾਲ ਇਕ ਆਮ ਅਪਰਾਧੀ ਵਾਲਾ ਵਤੀਰਾ ਨਾ ਕੀਤਾ ਜਾਵੇ। ਸਜ਼ਾ ਦੌਰਾਨ ਇਹਨਾਂ ਦਾ ਵਰਤਾਅ ਵੀ ਵਧੀਆ ਰਿਹਾ ਹੈ, ਇਹਨਾਂ ਨੇ ਚੰਗੇ ਆਚਰਣ ਦਾ ਸਬੂਤ ਦਿੱਤਾ ਹੈ। ਇਸ ਲਈ ਇਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਰਿਹਾਅ ਕੀਤਾ ਜਾਵੇ।