
ਬੈਂਕਿੰਗ ਅਤੇ ਆਵਾਜਾਈ ਸੇਵਾਵਾਂ ਪ੍ਰਭਾਵਤ ਰਹੀਆਂ
ਨਵੀਂ ਦਿੱਲੀ : ਕੇਂਦਰੀ ਟਰੇਡ ਯੂਨੀਅਨਾਂ ਦੀ ਹੜਤਾਲ ਕਾਰਨ ਕਈ ਰਾਜਾਂ ਵਿਚ ਆਮ ਜਨਜੀਵਨ ਠੱਪ ਹੋ ਗਿਆ। ਹੜਤਾਲ ਦਾ ਕਈ ਕਿਸਮ ਦੀਆਂ ਬੈਂਕਿੰਗ ਅਤੇ ਆਵਾਜਾਈ ਸੇਵਾਵਾਂ 'ਤੇ ਕਾਫ਼ੀ ਅਸਰ ਪਿਆ। ਖੱਬੇਪੱਖੀ ਪਾਰਟੀਆਂ ਦੀ ਸਰਕਾਰ ਵਾਲੇ ਕੇਰਲਾ ਅਤੇ ਹੋਰ ਰਾਜਾਂ ਜਿਵੇਂ ਆਸਾਮ, ਬੰਗਾਲ ਵਿਚ ਸੜਕ ਅਤੇ ਰੇਲ ਸੇਵਾਵਾਂ ਪ੍ਰਭਾਵਤ ਰਹੀਆਂ। ਯੂਨੀਆਂ ਨੇ ਕੇਂਦਰ ਸਰਕਾਰ ਦੀ ਆਰਥਕ ਨੀਤੀਆਂ ਨੂੰ ਮਜ਼ਦੂਰ ਅਤੇ ਲੋਕ ਵਿਰੋਧੀ ਦਸਦਿਆਂ ਹੜਤਾਲ ਦਾ ਸੱਦਾ ਦਿਤਾ ਸੀ। ਤ੍ਰਿਪੁਰਾ ਜਿਹੇ ਰਾਜਾਂ ਵਿਚ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੀਆਂ ਕਈ ਸ਼ਾਖ਼ਾਵਾਂ ਬੰਦ ਰਹੀਆਂ।
Photo
ਸਰਕਾਰੀ ਵਿਭਾਗਾਂ ਦੇ ਕੰਮਕਾਜ 'ਤੇ ਹੜਤਾਲ ਦਾ ਅਸਰ ਨਹੀਂ ਦਿਸਿਆ। ਟਰੇਡ ਯੂਨੀਅਨਾਂ ਨੇ ਥਾਂ ਥਾਂ ਛੋਟੇ ਮੋਟੇ ਧਰਨੇ ਪ੍ਰਦਰਸ਼ਨ ਕੀਤੇ। ਟਰੇਡ ਯੂਨੀਅਨਾਂ ਨੇ ਦਾਅਵਾ ਕੀਤਾ ਸੀ ਕਿ ਹੜਤਾਲ ਵਿਚ ਲਗਭਗ 25 ਕਰੋੜ ਲੋਕ ਸ਼ਾਮਲ ਹੋਣਗੇ। ਦੇਸ਼ ਭਰ ਵਿਚ ਕਿਤੇ ਵੀ ਜ਼ਰੂਰੀ ਸੇਵਾਵਾਂ 'ਤੇ ਅਸਰ ਪੈਣ ਦੀ ਖ਼ਬਰ ਨਹੀਂ ਹੈ।
Photo
ਬਹੁਤੀਆਂ ਥਾਵਾਂ 'ਤੇ ਰੇਲ ਸੇਵਾਵਾਂ ਪ੍ਰਭਾਵਤ ਨਹੀਂ ਹੋਈਆਂ ਜਦਕਿ ਬਿਜਲੀ ਉਤਪਾਦਨ, ਤੇਲ ਰਿਫ਼ਾਇਨਰੀ ਅਤੇ ਪਟਰੌਲ ਪੰਪ ਆਮ ਵਾਂਗ ਚਲਦੇ ਰਹੇ।
Photo
ਹੜਤਾਲ ਦਾ ਕੇਰਲਾ ਵਿਚ ਕਾਫ਼ੀ ਅਸਰ ਦਿਸਿਆ। ਇਥੇ ਸਰਕਾਰੀ ਅਤੇ ਨਿਜੀ ਬਸਾਂ ਸੜਕਾਂ 'ਤੇ ਨਾ ਦਿਸੀਆਂ। ਤਿਰੂਵਨੰਤਪੁਮਰ ਵਿਚ ਕੇਐਸਆਰਟੀਸੀ ਦੀ ਨਗਰ ਅਤੇ ਲੰਮੀ ਦੂਰੀ ਦੇ ਮਾਰਗਾਂ ਦੀਆਂ ਬੱਸ ਸੇਵਾਵਾਂ ਬੰਦ ਰਹੀਆਂ। ਸੜਕਾਂ 'ਤੇ ਵਾਹਨਾਂ ਅਤੇ ਆਟੋ ਰਿਕਸ਼ਾ ਦੀ ਆਵਾਜਾਈ ਵੀ ਘੱਟ ਸੀ। ਪਛਮੀ ਬੰਗਾਲ ਦੇ ਕਈ ਹਿੱਸਿਆਂ ਵਿਚ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਤ ਰਹੀ।
Photo
ਹੜਤਾਲ ਸਮਰਥਕਾਂ ਨੇ ਰਾਜ ਦੇ ਕੁੱਝ ਹਿੱਸਿਆਂ ਵਿਚ ਰੈਲੀਆਂ ਕਢੀਆਂ ਅਤੇ ਰੇਲ ਪਟੜੀਆਂ ਜਾਮ ਕਰ ਦਿਤੀਆਂ। ਪੁਲਿਸ ਨੇ ਫ਼ੌਰੀ ਤੌਰ 'ਤੇ ਵਾਹਨਾਂ ਦੀ ਆਵਾਜਾਈ ਯਕੀਨੀ ਕਰਨ ਲਈ ਉਨ੍ਹਾਂ ਨੂੰ ਪਟੜੀਆਂ ਤੋਂ ਹਟਾਇਆ।
Photo
ਗੁਜਰਾਤ ਵਿਚ ਬੈਂਕਿੰਗ ਸੇਵਾਵਾਂ ਕੁੱਝ ਹੱਦ ਤਕ ਪ੍ਰਭਾਵਤ ਹੋਈਆਂ। ਰਾਜ ਵਿਚ ਆਵਾਜਾਈ ਸੇਵਾਵਾਂ ਆਮ ਵਾਂਗ ਰਹੀਆਂ ਅਤੇ ਕਾਰੋਬਾਰੀ ਅਦਾਰੇ ਵੀ ਖੁਲ੍ਹੇ ਰਹੇ। ਯੂਨੀਅਨਾਂ ਮੁਤਾਬਕ ਗੁਜਰਾਤ ਵਿਚ ਕਈ ਹਿੱਸਿਆਂ ਵਿਚ ਕਾਰਖ਼ਾਨਿਆਂ ਵਿਚ ਉਤਪਾਦਨ ਪ੍ਰਭਾਵਤ ਰਿਹਾ।