
ਕਿਸਾਨਾਂ ਦੀ ਰਿਆਇਤ ਮੰਗਣ 'ਤੇ ਪਸੀਜਿਆ ਦਿਲ, ਢਾਬਾ ਬੰਦ ਕਰ ਸਾਰਾ ਕਾਰੋਬਾਰ ਲੰਗਰ ਵਿਚ ਤਬਦੀਲ
ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖਾਬ) : ਇਕ ਬੜਾ ਪ੍ਰਸਿੱਧ ਪ੍ਰੇਰਕ ਪ੍ਰਸੰਗ ਹੈ ਕਿ ਇਕ ਵਾਰ ਇਕ ਜੰਗਲ ਵਿਚ ਅੱਗ ਲੱਗ ਗਈ। ਇਸ ਦੌਰਾਨ ਇਕ ਚਿੱੜੀ ਆਪਣੀ ਚੁੰਜ ਵਿਚ ਪਾਣੀ ਲਿਆ ਲਿਆ ਕੇ ਅੱਗ 'ਤੇ ਸੁਟ ਰਹੀ ਸੀ। ਜਦੋਂ ਕਿਸੇ ਨੇ ਉਸ ਨੂੰ ਇਸ ਬਾਬਤ ਪੁਛਿਆ ਤਾਂ ਚਿੱੜੀ ਦਾ ਜਵਾਬ ਸੀ, "ਮੈਨੂੰ ਵੀ ਪਤੈ, ਮੇਰੇ ਵੱਲੋਂ ਪਾਏ ਜਾ ਰਹੇ ਤਿਣਕਾ ਭਰ ਪਾਣੀ ਨਾਲ ਇਹ ਅੱਗ ਬੁਝਣ ਵਾਲੀ ਨਹੀਂ, ਪਰ ਮੈਂ ਨਹੀਂ ਚਾਹੁੰਦੀ ਕਿ ਮੇਰਾ ਨਾਮ ਉਨ੍ਹਾਂ ਵਿਚ ਆਵੇ ਜੋ ਸਿਰਫ ਤਮਾਸ਼ਾ ਹੀ ਵੇਖ ਰਹੇ ਹਨ।" ਕੁੱਝ ਅਜਿਹਾ ਹੀ ਨਜ਼ਾਰਾ ਇੰਨੀ ਦਿਨੀਂ ਦਿੱਲੀ ਦੇ ਬਾਰਡਰਾਂ `ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਇਕ ਹਰਿਆਣਵੀ ਹੋਟਲ ਮਾਲਕ ਨੇ ਆਪਣਾ ਸਾਰਾ ਹੋਟਲ ਹੀ ਕਿਸਾਨਾਂ ਦੀ ਸੇਵਾ ਵਿਚ ਸਮਰਪਿਤ ਕਰ ਦਿੱਤਾ ਹੈ।
Haryanvi hotel owner
ਹਰਿਆਣਵੀ ਢਾਬਾ ਮਾਲਕ ਰਾਮ ਸਿੰਘ ਰਾਣਾ ਮੁਤਾਬਕ ਸ਼ੁਰੂਆਤ ਵਿਚ ਜਦੋਂ ਇੱਥੇ ਕਿਸਾਨਾਂ ਦੀਆਂ ਕੁੱਝ ਟਰਾਲੀਆਂ ਆ ਕੇ ਰੁਕੀਆਂ ਤਾਂ ਅਸੀਂ ਸੋਚਿਆ ਕਿ ਇਹ ਮੁਸੀਬਤ ਮਾਰੇ ਲੋਕ ਹਨ ਜੋ ਕੁੱਝ ਦਿਨਾਂ ਬਾਅਦ ਆਪਣੀਆਂ ਮੰਗਾਂ ਮੰਨਵਾ ਕੇ ਚਲੇ ਜਾਣਗੇ। ਹੋਟਲ ਮਾਲਕ ਮੁਤਾਬਕ ਇਹ ਕਿਸਾਨ ਜਦੋਂ ਵੀ ਸਾਡੇ ਰੈਸਟੋਰੈਂਟ ਵਿਚ ਖਾਣ-ਪੀਣ ਦਾ ਕੋਈ ਸਮਾਨ ਲੈਣ ਆਉਂਦੇ ਸਨ ਤਾਂ ਇਨ੍ਹਾਂ ਵਿਚੋਂ ਜ਼ਿਆਦਾਤਰ ਤਾਂ ਬਣਦਾ ਬਿੱਲ ਦੇ ਕੇ ਚਲੇ ਜਾਂਦੇ ਪਰ ਉਨ੍ਹਾਂ ਵਿਚੋਂ ਕੁੱਝ ਕਿਸਾਨ ਪੈਸੇ ਦੀ ਕਮੀ ਦੇ ਚਲਦਿਆਂ ਬਣੇ ਬਿੱਲ ਵਿਚੋਂ ਰਿਆਇਤ ਦੀ ਬੇਨਤੀ ਵੀ ਕਰ ਦਿੰਦੇ ਸਨ। ਇਹ ਨਜ਼ਾਰਾ ਵੇਖ ਕੇ ਮੇਰੇ ਮੰਨ ਨੂੰ ਠੇਸ ਪਹੁੰਚੀ ਕਿ ਜਿਹੜੇ ਲੋਕ ਸਾਡੇ ਸਾਰਿਆਂ ਲਈ ਭੋਜਨ ਪੈਦਾ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਹਨ, ਅੱਜ ਉਨ੍ਹਾਂ ਨੂੰ ਖੁਦ ਦੇ ਪੇਟ ਦੀ ਭੁੱਖ ਮਿਟਾਉਣ ਖਾਤਰ ਸਾਡੇ ਸਾਹਮਣੇ ਰਿਆਇਤ ਲਈ ਹੱਥ ਅੱਡਣੇ ਪੈ ਰਹੇ ਹਨ।
Haryanvi hotel owner
ਹੋਟਲ ਮਾਲਕ ਮੁਤਾਬਕ ਇਸ ਦਾ ਮੇਰੇ ਮੰਨ 'ਤੇ ਡੂੰਘਾ ਪ੍ਰਭਾਵ ਪਿਆ ਅਤੇ ਮੈਂ ਮਨ ਹੀ ਮਨ ਸਮੁੱਚੇ ਰੈਸਟੋਰੈਂਟ ਨੂੰ ਕਿਸਾਨਾਂ ਦੀ ਸੇਵਾ ਲਈ ਸਮਰਪਿਤ ਕਰਨ ਦਾ ਮਨ ਬਣਾ ਲਿਆ। ਮੈਂ ਉਸੇ ਦਿਨ ਢਾਬਾ ਬੰਦ ਕਰ ਦਿੱਤਾ ਅਤੇ ਸਮੁੱਚੇ ਰੈਸਟੋਰੈਂਟ ਨੂੰ ਕਿਸਾਨਾਂ ਲਈ ਸਮਰਪਿਤ ਕਰ ਦਿੱਤਾ। ਰੈਸਟੋਰੈਂਟ ਦੀ ਪੂਰੀ ਬਿਲਡਿੰਗ ਵਿਚ ਕਿਸਾਨ ਕਿਸੇ ਥਾਂ ਵੀ ਸੌ, ਬਹਿ ਜਾਂ ਆਰਾਮ ਕਰ ਸਕਦੇ ਹਨ ਅਤੇ ਰੈਸਟੋਰੈਂਟ ਵਿਚ ਮਿਲਦੀਆਂ ਸਾਰੀਆਂ ਸਹੂਲਤਾਂ ਨੂੰ ਲੰਗਰ ਵਿਚ ਤਬਦੀਲ ਕਰ ਦਿੱਤਾ ਹੈ ਜੋ ਕਿਸਾਨਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇਸ ਲੰਗਰ ਨੂੰ ਚੱਲਦਾ ਰੱਖਣ ਲਈ ਅਸੀਂ ਉਸੇ ਦਿਨ ਤੋਂ ਡਟੇ ਹੋਏ ਹਾਂ ਅਤੇ ਇਹ ਸੇਵਾ ਕਿਸਾਨੀ ਅੰਦੋਲਨ ਦੀ ਸਮਾਪਤੀ ਤਕ ਲਗਾਤਾਰ ਜਾਰੀ ਰਹੇਗਾ।
Haryanvi hotel owner
ਇਸ ਕਾਰਜ ਲਈ ਮਾਇਕੀ ਹਾਲਾਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਤਕ ਅਕਾਊਟ ਵਿਚ ਕਰੋੜ ਤੋਂ ਸਵਾ ਕਰੋੜ ਸੀ ਪਰ ਬਾਅਦ ਵਿਚ ਕੁੱਝ ਮਾਇਕੀ ਤੋਟ ਵੀ ਆਉਂਦੀ ਰਹੀ ਹੈ, ਪਰ ਮੈਨੂੰ ਫਿਰ ਵੀ ਸਕੂਨ ਹੈ ਕਿ ਇਹ ਪੈਸਾ ਮੈਂ ਇੱਥੋਂ ਹੀ ਕਮਾਇਆ ਸੀ ਅਤੇ ਜੇਕਰ ਲੋਕ ਸੇਵਾ ਵਿਚ ਲੱਗ ਗਿਐ ਤਾਂ ਸਾਡੇ ਧੰਨ ਭਾਗ ਹਨ। ਅੰਦੋਲਨ ਲੰਮੇਰਾ ਚੱਲਣ ਦੀ ਸੂਰਤ ਵਿਚ ਮਾਇਕੀ ਪ੍ਰਬੰਧ ਬਾਰੇ ਉਹ ਕਹਿੰਦੇ ਹਨ ਕਿ ਮੈਡਮ ਦੇ ਨਾਮ 'ਤੇ ਮਕਾਨ ਹੈ, ਜੇਕਰ ਲੋੜ ਪਈ ਤਾਂ ਇਸ ਨੂੰ ਵੀ ਸਮਰਪਿਤ ਕਰ ਦਿੱਤਾ ਜਾਵੇਗਾ, ਪਰ ਇਹ ਸੇਵਾ ਨਿਰੰਤਰ ਚੱਲਦੀ ਰਹੇਗੀ।
Haryanvi hotel owner
ਰਾਮ ਸਿੰਘ ਰਾਣਾ ਮੁਤਾਬਕ ਉਨ੍ਹਾਂ ਦੇ ਪਿਤਾ ਜੀ ਨੇ ਵੀ ਇਸ ਲਈ ਉਨ੍ਹਾਂ ਦੀ ਪਿੱਠ ਥਪਥਪਾਈ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਜ਼ਮੀਨ ਰਹੇ ਭਾਵੇਂ ਨਾ ਰਹੇ, ਪਰ ਇਹ ਕਾਰਜ ਇਸੇ ਤਰ੍ਹਾਂ ਚਲਦਾ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਲਈ ਮੈਨੂੰ ਪੂਰੇ ਪਰਿਵਾਰ ਦਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ 2004 ਵਿਚ ਮੇਰਾ ਚਾਹ ਦਾ ਖੋਖਾ ਸੀ ਅਤੇ ਮੈਨੂੰ ਕਿਸੇ ਭਲੇ ਪੁਰਸ਼ ਨੇ ਕਿਹਾ ਸੀ ਕਿ ਜੇਕਰ ਕੋਈ ਜ਼ਰੂਰਤਮੰਦ ਆ ਜਾਵੇ ਤਾਂ ਉਸ ਤੋਂ ਪੈਸੇ ਨਹੀਂ ਲੈਣੇ। ਉਹ ਸ਼ਬਦ ਮੇਰੇ ਅੱਜ ਵੀ ਯਾਦ ਹਨ ਅਤੇ ਹਮੇਸ਼ਾ ਯਾਦ ਰਹਿਣਗੇ।
Haryanvi hotel owner
ਹੋਟਲ ਮਾਲਕ ਮੁਤਾਬਕ ਉਨ੍ਹਾਂ ਦਾ ਇਹ ਢਾਬਾ ਦੋ-ਢਾਈ ਏਕੜ ਵਿਚ ਫੈਲਿਆ ਹੋਇਆ ਹੈ, ਜਿਸ ਦੀ ਰੋਜ਼ਾਨਾ 4-5 ਲੱਖ ਦੀ ਸੇਲ ਸੀ। ਉਨ੍ਹਾਂ ਕਿਹਾ ਕਿ ਜਿਵੇਂ ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਇਵੇਂ ਹੀ ਲੰਗਰ ਅਤੇ ਗ੍ਰਾਹਕ ਨੂੰ ਨਾਲ-ਨਾਲ ਨਹੀਂ ਭੁਗਤਾਇਆ ਜਾ ਸਕਦਾ। ਸੋ ਮੈਂ ਢਾਬੇ ਨੂੰ ਗ੍ਰਾਹਕਾਂ ਲਈ ਬੰਦ ਕਰ ਕੇ ਇਸ ਨੂੰ ਕੇਵਲ ਲੰਗਰ ਵਜੋਂ ਵਰਤਣ ਨੂੰ ਜਰਜੀਹ ਦਿੱਤੀ ਹੈ। ਗ੍ਰਾਹਕਾਂ ਲਈ ਢਾਬਾ ਚਲਾਉਣ ਅਤੇ ਪੈਸੇ ਕਮਾਉਣ ਲਈ ਸਾਰੀ ਉਮਰ ਪਈ ਹੈ, ਪਰ ਕਮਾਏ ਪੈਸੇ ਨੂੰ ਸੇਵਾ ਲਈ ਖਰਚਣ ਦਾ ਅਵਸਰ ਕਿਸਮਤ ਨਾਲ ਹੀ ਮਿਲਦਾ ਹੈ।