
ਬਰਤਾਨੀਆ ਫ਼ਾਰਮਾ ਕੰਪਨੀ ਦਾ ਦਾਅਵਾ
ਨਵੀਂ ਦਿੱਲੀ, 7 ਜੂਨ : ਇਕ ਪਾਸੇ ਦੇਸ਼ ਤੇ ਦੁਨੀਆਂ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਦੂਜੇ ਪਾਸੇ ਇਸ ਨਾਲ ਨਿਪਟਣ ਲਈ ਵੈਕਸੀਨ ਬਣਾਉਣ ਦੀ ਕੋਸ਼ਿਸ਼ ਵੀ ਜਾਰੀ ਹੈ। ਹੁਣ ਤਕ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਚੁੱਕੇ ਹਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਂ ਇਥੋਂ ਤਕ ਕਹਿ ਦਿਤਾ ਹੈ ਕਿ ਉਨ੍ਹਾਂ ਵੈਕਸੀਨ ਬਣਾ ਲਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ਨੂੰ ਕੋਰੋਨਾ ਦੀ ਵੈਕਸੀਨ ਬਣਾਉਣ ਦੀ ਦਿਸ਼ਾ 'ਚ ਜ਼ਬਰਦਸਤ ਕਾਮਯਾਬੀ ਮਿਲੀ ਹੈ। ਅਮਰੀਕਾ ਨੇ 20 ਲੱਖ ਵੈਕਸੀਨ ਬਣਾ ਲਈ ਹੈ।
ਇਸ ਦੇ ਸੁਰੱਖਿਅਤ ਹੋਣ ਦੀ ਗੱਲ ਨਿਸ਼ਚਤ ਹੁੰਦੇ ਹੀ ਇਸ ਦਾ ਇਸਤੇਮਾਲ ਸ਼ੁਰੂ ਹੋ ਜਾਵੇਗਾ। ਉਥੇ ਹੀ ਹੁਣ ਖ਼ਬਰ ਹੈ ਕਿ ਬਰਤਾਨੀਆ ਫਾਰਮਾ ਕੰਪਨੀ ਐਸਟਰਾ ਜੈਨੇਕਾ ਨੇ ਦਾਅਵਾ ਕੀਤਾ ਹੈ ਕਿ ਉਹ ਕੋਰੋਨਾ ਵੈਕਸੀਨ ਬਣਾਉਣ 'ਚ ਸਫ਼ਲ ਹੋ ਗਈ ਹੈ ਤੇ ਸਤੰਬਰ ਤਕ ਵੈਕਸੀਨ ਬਾਜ਼ਾਰ 'ਚ ਆ ਜਾਵੇਗੀ। ਕੰਪਨੀ ਦੇ ਸੀਈਓ ਨੇ ਕਿਹਾ ਹੈ ਕਿ ਜੇਕਰ ਟਰਾਇਲ ਸਹੀ ਸਾਬਤ ਹੋਇਆ ਤਾਂ ਸਤੰਬਰ ਤਕ ਬਾਜ਼ਾਰ 'ਚ 2 ਬਿਲੀਅਨ ਵੈਕਸੀਨ ਆ ਜਾਵੇਗੀ।
ਕੰਪਨੀ ਸੀਈ ਪਾਸਕਲ ਸੋਰੂਟ ਨੇ ਬੀਬੀਸੀ ਰੇਡੀਉ ਨੂੰ ਦਿਤੇ ਇੰਟਰਵਿਊ 'ਚ ਕਿਹਾ ਕਿ ਹੁਣ ਤਕ ਟਰੈਕ 'ਤੇ ਹਨ ਤੇ ਵੈਕਸੀਨ ਬਣਾਉਣ 'ਚ ਲੱਗੇ ਹਨ। ਨਾਲ ਹੀ ਨਤੀਜੇ ਆਉਣ ਤੋਂ ਬਾਅਦ ਇਸ ਦੇ ਉਪਯੋਗ ਕਰਨ ਲਈ ਅਸੀਂ ਉਪਲਬਧ ਕਰਵਾਉਣਾ ਹੈ। ਸਾਡਾ ਅੰਦਾਜ਼ਾ ਹੈ ਕਿ ਅਗੱਸਤ ਤਕ ਸਾਡੇ ਕੋਲ ਡਾਟਾ ਹੋਵੇਗਾ ਤੇ ਸਤੰਬਰ 'ਚ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਕੋਲ ਪ੍ਰਭਾਵੀ ਵੈਕਸੀਨ ਹੈ ਜਾਂ ਨਹੀਂ।
ਕੰਪਨੀ ਨੇ ਕਿਹਾ ਹੈ ਕਿ ਉਹ ਇਸ ਦੇ ਬਣਨ ਤੋਂ ਬਾਅਦ ਘੱਟ ਕਮਾਈ ਵਾਲੇ ਦੇਸ਼ਾਂ ਨੂੰ ਵੀ ਸਪਲਾਈ ਕਰੇਗੀ। ਕੰਪਨੀ ਨੇ ਅਮਰੀਕਾ, ਯੂਰਪ ਤੇ ਭਾਰਤ ਲਈ ਵਿਸ਼ੇਸ਼ ਸਪਲਾਈ ਚੈਨ ਬਣਾਈ ਹੈ। ਨਾਲ ਹੀ ਚੀਨ 'ਚ ਇਸ ਦੇ ਉਤਪਾਦਨ ਦੀ ਸ਼ੁਰੂਆਤ ਕਰਨ ਬਾਰੇ ਸੋਚ ਰਹੇ ਹਨ। (ਏਜੰਸੀ)