
ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਜ਼ਮਾਨਤ ਮਿਲਣ ਦੀ ਖ਼ਬਰ ਮੀਡੀਆ ਦੀਆਂ ਸੁਰਖ਼ੀਆਂ 'ਚ ਛਾ ਜਾਣ ਮਗਰੋਂ ਮੋਦੀ ਨੇ ਅੱਜ ਟਿੱਚਰ ਕਰਦਿਆਂ ਕਿਹਾ ਕਿ...........
ਜੈਪੁਰ : ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਜ਼ਮਾਨਤ ਮਿਲਣ ਦੀ ਖ਼ਬਰ ਮੀਡੀਆ ਦੀਆਂ ਸੁਰਖ਼ੀਆਂ 'ਚ ਛਾ ਜਾਣ ਮਗਰੋਂ ਮੋਦੀ ਨੇ ਅੱਜ ਟਿੱਚਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਲੋਕ ਇਹਨੀਂ ਦਿਨੀਂ 'ਬੇਲ ਗੱਡੀ' ਸੱਦਣ ਲੱਗ ਪਏ ਹਨ ਕਿਉਂਕਿ ਅੱਜਕਲ ਕਾਂਗਰਸ ਦੇ ਕਈ ਪ੍ਰਮੁੱਖ ਆਗੂ ਅਤੇ ਸਾਬਕਾ ਮੰਤਰੀ ਜ਼ਮਾਨਤ 'ਤੇ ਬਾਹਰ ਹਨ। ਮੋਦੀ ਨੇ ਜੈਪੁਰ ਦੇ 'ਅਮਰੂਦੋਂ ਕੇ ਬਾਗ' 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਪਿਛਲੀ ਸਰਕਾਰ ਨੇ ਕਿਸ ਨੀਤ ਨਾਲ ਕੰਮ ਕੀਤਾ ਅਤੇ ਇਸੇ ਨੀਤ ਦਾ ਨਤੀਜਾ ਹੈ ਕਿ ਕਾਂਗਰਸ ਨੂੰ ਅੱਜਕਲ ਕੁੱਝ ਲੋਕ 'ਬੇਲ ਗੱਡੀ' ਬੋਲਣ ਲੱਗੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਮੁੱਖ ਕਹੇ ਜਾਣ ਵਾਲੇ ਆਗੂ ਅੱਜਕਲ ਜ਼ਮਾਨਤ 'ਤੇ ਹਨ ਪਰ ਜਨਤਾ ਨੇ ਜਿਸ ਭਰੋਸੇ ਨਾਲ ਕਾਂਗਰਸ ਦੇ ਸਭਿਆਚਾਰ ਨੂੰ ਨਕਾਰਿਆ ਅਤੇ ਭਾਜਪਾ ਨੂੰ ਲੋਕਾਂ ਦਾ ਫ਼ਤਵਾ ਦਿਤਾ ਉਸ ਭਰੋਸੇ ਨੂੰ ਦਿਨੋ-ਦਿਨ ਮਜ਼ਬੂਤ ਕਰਨ ਦਾ ਕੰਮ ਭਾਜਪਾ ਦੀ ਸਰਕਾਰ ਕਰ ਰਹੀ ਹੈ। ਮੋਦੀ ਨੇ ਇਸ ਤੋਂ ਪਹਿਲਾਂ ਰਾਜਸਥਾਨ ਦੇ ਵੱਖੋ-ਵੱਖ ਜ਼ਿਲ੍ਹਿਆਂ ਦੇ 2100 ਕਰੋੜ ਰੁਪਏ ਦੇ 13 ਪ੍ਰਾਜੈਕਟਾਂ ਦਾ ਰਿਮੋਰਟ ਕੰਟਰੋਲ ਜ਼ਰੀਏ ਨੀਂਹ ਪੱਥਰ ਰਖਿਆ। ਮੋਦੀ ਰੈਲੀ ਵਾਲੀ ਥਾਂ ਕੋਲ ਸਥਿਤ ਸਵਾਈ ਮਾਨ ਸਿੰਘ ਸਟੇਡੀਅਮ 'ਚ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਨਾਲ ਸਾਂਗਾਨੇਰ ਹਵਾਈ ਅੱਡੇ ਪੁੱਜੇ ਅਤੇ
ਉਥੋਂ ਵਿਸ਼ੇਸ਼ ਹਵਾਈ ਜਹਾਜ਼ ਨਾਲ ਦਿੱਲੀ ਲਈ ਰਵਾਨਾ ਹੋਏ। ਮੋਦੀ ਦੀ ਰੈਲੀ ਕਰ ਕੇ ਜੈਪੁਰ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਰਹੀ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਨੂੰ ਜੋੜਨ ਵਾਲੇ ਵੱਖੋ-ਵੱਖ ਮਾਰਗਾਂ 'ਤੇ ਕੀਤੇ ਗਏ ਬਦਲਾਅ ਕਰ ਕੇ ਆਵਾਜਾਈ ਪੁਲਿਸ ਨੂੰ ਕਾਫ਼ੀ ਮਿਹਨਤ ਕਰਨੀ ਪਈ। ਜੈਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ 'ਚ ਹਿੱਸਾ ਲੈਣ ਲਈ ਸੂਬੇ ਦੇ ਵੱਖੋ-ਵੱਖ ਜ਼ਿਲ੍ਹਿਆਂ ਤੋਂ ਵੱਖੋ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਲਗਭਗ 5700 ਬਸਾਂ ਨਾਲ ਲਿਆਂਦਾ ਗਿਆ ਸੀ।
ਇਸ ਕਰ ਕੇ ਸ਼ਹਿਰ ਦਾ ਆਵਾਜਾਈ ਪ੍ਰਬੰਧ ਹਿਲ ਗਿਆ। ਬਸਾਂ ਕਰ ਕੇ ਸ਼ਹਿਰ ਦੇ ਸੀਕਰ ਰੋਡ, ਅਜਮੇਰ ਰੋਡ, ਟੋਂਕ ਰੋਡ, ਕਾਲਵਾਡ ਰੋਡ ਅਤੇ ਦਿੱਲੀ ਰੋਡ 'ਤੇ ਆਵਾਜਾਈ 'ਤੇ ਅਸਰ ਪਿਆ। (ਪੀਟੀਆਈ)