
ਤਿੰਨ ਅਧਿਕਾਰੀਆਂ ਨੂੰ ਸਾਜ਼ਸ਼ ਰਚਣ, ਕਤਲ ਕਰਨ, ਗਲਤ ਰਿਕਾਰਡ ਬਣਾਉਣ ’ਚ ਦੋਸ਼ੀ ਠਹਿਰਾਇਆ
ਐਸ.ਏ.ਐਸ.ਨਗਰ : ਸੀ.ਬੀ.ਆਈ ਅਦਾਲਤ ਦੇ ਵਿਸ਼ੇਸ਼ ਜੱਜ ਆਰ.ਕੇ. ਗੁਪਤਾ ਨੇ 1992 ਨਾਲ ਸਬੰਧਤ ਝੂਠੇ ਮੁਕਾਬਲੇ ਦੇ ਕੇਸ ਦਾ ਫੈਸਲਾ ਸੁਣਾਉਂਦਿਆ ਤਿੰਨ ਨੌਜਵਾਨਾਂ ਹਰਜੀਤ ਸਿੰਘ, ਲਖਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਨੂੰ ਅਗਵਾ ਕਰਕੇ ਝੂਠੇ ਪੁਲਿਸ ਮੁਕਾਬਲੇ ’ਚ ਮਾਰਨ ਦੇ ਦੋਸ਼ ’ਚ ਸੇਵਾਮੁਕਤ ਡੀ. ਐਸ. ਪੀ. ਗੁਰਦੇਵ ਸਿੰਘ, ਸੇਵਾ ਮੁਕਤ ਇੰਸਪੈਕਟਰ ਧਰਮ ਸਿੰਘ ਅਤੇ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਧਾਰਾ-302, 218 ਅਤੇ 120ਬੀ ’ਚ ਦੋਸ਼ੀ ਕਰਾਰ ਦਿਤਾ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਤਿੰਨ ਦਿਨਾਂ ’ਚ ਵਿਸ਼ਵ ਆਗੂਆਂ ਨਾਲ 15 ਤੋਂ ਵੱਧ ਦੁਵੱਲੀਆਂ ਬੈਠਕਾਂ ਕਰਨਗੇ
ਇਸ ਮਾਮਲੇ ’ਚ ਨਾਮਜ਼ਦ ਪੁਲਿਸ ਕਰਮਚਾਰੀ ਹਰਭਜਨ ਰਾਮ, ਰਾਮ ਲੁਭਾਇਆ, ਸਤਬੀਰ ਸਿੰਘ, ਦਲਜੀਤ ਸਿੰਘ ਅਤੇ ਅਮਰੀਕ ਸਿੰਘ ਦੀ ਅਦਾਲਤੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ ਅਤੇ ਇਕ ਮੁਲਜ਼ਮ ਥਾਣੇਦਾਰ ਭੁਪਿੰਦਰ ਸਿੰਘ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦੇ ਦਿਤਾ ਗਿਆ ਹੈ। ਅਦਾਲਤ ਨੇ ਤਿੰਨਾ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਲਈ 14 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਬਚਾਅ ਪੱਖ ਵਲੋਂ ਇਸ ਮਾਮਲੇ ਦੀ ਪੈਰਵਾਈ ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਜਗਜੀਤ ਸਿੰਘ ਬਾਜਵਾ ਅਤੇ ਪੀ.ਐਸ. ਨੱਤ ਕਰ ਰਹੇ ਹਨ, ਜਦੋਂ ਕਿ ਸੀ.ਬੀ.ਆਈ. ਵਲੋਂ ਸਰਕਾਰੀ ਵਕੀਲ ਅਸ਼ੋਕ ਬਗੋਰੀਆ ਪੈਰਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ: ਖੜਗੇ ਨੂੰ ਜੀ20 ਦਾਅਵਤ ’ਚ ਨਾ ਸੱਦਣ ਦਾ ਮਤਲਬ ਵਿਰੋਧੀ ਆਗੂਆਂ ਨੂੰ ਮਹੱਤਵ ਨਾ ਦੇਣਾ : ਰਾਹੁਲ ਗਾਂਧੀ
ਜਾਣਕਾਰੀ ਮੁਤਾਬਕ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਉਸ ਦੇ ਪੁੱਤਰ ਹਰਜੀਤ ਸਿੰਘ ਨੂੰ ਪੁਲਿਸ ਨੇ 29 ਅਪ੍ਰੈਲ 1992 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਠਿਆਲਾ ਨੇੜੇ ਠੱਠੀਆਂ ਬੱਸ ਸਟੈਂਡ ਤੋਂ ਚੁੱਕ ਕੇ ਮਾਲ ਮੰਡੀ ਵਿਖੇ ਪੁਛਗਿਛ ਲਈ ਰੱਖਿਆ ਸੀ। ਇਸ ਮਾਮਲੇ ’ਚ ਹਾਈ ਕੋਰਟ ਨੇ ਪੁਲਿਸ ਦੀ ਗੈਰ-ਕਾਨੂੰਨੀ ਹਿਰਾਸਤ ਤੋਂ ਉਸਦੀ ਰਿਹਾਈ ਲਈ ਵਾਰੰਟ ਅਫਸਰ ਨਿਯੁਕਤ ਕੀਤਾ ਅਤੇ ਫਿਰ ਦਸੰਬਰ 1992 ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਚੰਡੀਗੜ੍ਹ ਤੋਂ ਨਿਆਂਇਕ ਜਾਂਚ ਦੇ ਹੁਕਮ ਦਿਤੇ ਜੋ ਕਿ ਸਾਲ 1995 ਵਿਚ ਪੇਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ, ਲਗਜ਼ਰੀ ਕਾਰ ਵੀ ਬਰਾਮਦ
ਆਖਰਕਾਰ 30 ਮਈ 1997 ਦੇ ਹੁਕਮਾਂ ਦੇ ਤਹਿਤ ਹਾਈ ਕੋਰਟ ਦੇ ਹੁਕਮਾਂ ’ਤੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸਾਲ 1998 ਵਿਚ ਸੌਂਪੀ ਗਈ। ਸੀ.ਬੀ.ਆਈ. ਨੇ ਕੇਸ ਦਰਜ ਕਰਨ ਤੋਂ ਬਾਅਦ ਜਾਂਚ ’ਚ ਪਾਇਆ ਸੀ ਕਿ ਹਰਜੀਤ ਸਿੰਘ ਨੂੰ ਦਲਜੀਤ ਸਿੰਘ ਉਰਫ ਮੋਟੂ, ਸਤਬੀਰ ਸਿੰਘ ਅਤੇ ਇਕ ਹੋਰ ਵਿਅਕਤੀ ਨੇ 29 ਅਪ੍ਰੈਲ 1992 ਨੂੰ ਬੱਸ ਸਟੈਂਡ ਠੱਠੀਆਂ ਤੋਂ ਅਗਵਾ ਕਰ ਲਿਆ ਸੀ ਅਤੇ 12 ਮਈ 1992 ਨੂੰ ਦੋ ਹੋਰ ਵਿਅਕਤੀਆਂ ਨਾਲ ਕਤਲ ਕਰ ਦਿਤਾ ਗਿਆ ਸੀ। ਐਸ.ਆਈ.ਧਰਮ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵਲੋਂ ਤਤਕਾਲੀ ਐਸ.ਐਚ.ਓ. ਪੀ.ਐਸ.ਲੋਪੋਕੇ ਵਲੋਂ ਝੂਠਾ ਮੁਕਾਬਲਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਪ੍ਰਵਾਰ ਨੂੰ ਨਹੀਂ ਸੌਂਪਿਆ ਗਿਆ ਅਤੇ ਪੁਲਿਸ ਨੇ ਲਾਵਾਰਿਸ ਦੱਸ ਕੇ ਲਾਸ਼ਾਂ ਦਾ ਸਸਕਾਰ ਕਰ ਦਿਤਾ।
ਇਹ ਵੀ ਪੜ੍ਹੋ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਭਾਰਤ ਦੇ ਰਵੱਈਏ ਦੀ ਕੀਤੀ ਸ਼ਲਾਘਾ
ਇਸ ਮਾਮਲੇ ਵਿਚ ਸੀ.ਬੀ.ਆਈ. ਨੇ ਪੰਜਾਬ ਪੁਲਿਸ ਦੇ 9 ਅਧਿਕਾਰੀਆਂ ਇੰਸਪੈਕਟਰ ਧਰਮ ਸਿੰਘ, ਐਸ.ਆਈ. ਰਾਮ ਲੁਭੀਆ, ਐਚ.ਸੀ. ਸਤਬੀਰ ਸਿੰਘ, ਦਲਜੀਤ ਸਿੰਘ ਉਰਫ ਮੋਟੂ, ਇੰਸਪੈਕਟਰ ਹਰਭਜਨ ਰਾਮ, ਏ.ਐਸ.ਆਈ. ਸੁਰਿੰਦਰ ਸਿੰਘ ਵਿਰੁੱਧ ਧਾਰਾ-364, 120-ਬੀ, 302 ਅਤੇ 218 ਤਹਿਤ ਅਦਾਲਤ ’ਚ ਚਾਰਜਸ਼ੀਟ ਪੇਸ਼ ਕੀਤੀ ਸੀ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਇਸ ਕੇਸ ਵਿਚ ਸੀ.ਬੀ.ਆਈ. ਨੇ 55 ਗਵਾਹਾਂ ਦਾ ਹਵਾਲਾ ਦਿਤਾ ਸੀ ਪਰ ਸੁਣਵਾਈ ਦੌਰਾਨ ਕਈ ਗਵਾਹਾਂ ਦੇ ਬਿਆਨ ਦਰਜ ਕਰਨ ਵਿਚ ਹੋਈ ਦੇਰੀ ਕਾਰਨ ਕਈ ਗਵਾਹਾਂ ਦੀ ਮੌਤ ਹੋ ਗਈ ਸੀ। ਇਹ ਵੀ ਜ਼ਿਕਰਯੋਗ ਹੈ ਕਿ ਪਹਿਲੇ ਗਵਾਹ ਦੇ ਬਿਆਨ ਸਾਲ 2016 ਵਿਚ ਦਰਜ ਕੀਤੇ ਗਏ ਸਨ, ਜੋ ਕਿ ਘਟਨਾ ਦੇ 24 ਸਾਲ ਬਾਅਦ ਦਰਜ ਕੀਤੇ ਗਏ ਅਤੇ ਇਸ ਕੇਸ ਦਾ ਫੈਸਲਾ 31 ਸਾਲ ਬਾਅਦ ਆਇਆ ਹੈ।