
ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਕੀਤਾ ਐਲਾਨ
Lucknow building collapse : ਲਖਨਊ ਦੇ ਟਰਾਂਸਪੋਰਟ ਨਗਰ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਤਿੰਨ ਮੰਜ਼ਿਲਾ ਇਮਾਰਤ ਡਿੱਗਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜ਼ਖਮੀਆਂ ਨੂੰ ਮਿਲਣ ਲਈ ਅੰਬੇਡਕਰ ਨਗਰ ਲੋਕਬੰਧੂ ਹਸਪਤਾਲ ਜਾ ਰਹੇ ਹਨ।
ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।
ਪੁਲਿਸ ਦੇ ਡਿਪਟੀ ਕਮਿਸ਼ਨਰ ਅਮਿਤ ਵਰਮਾ ਨੇ ਕਿਹਾ ਕਿ ਮਲਬੇ ਹੇਠਾਂ ਕਿਸੇ ਦੇ ਫਸੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਤਿੰਨ ਮੰਜ਼ਿਲਾ ਇਮਾਰਤ, ਜਿਸ ਵਿੱਚ ਇੱਕ ਗੋਦਾਮ ਅਤੇ ਇੱਕ ਮੋਟਰ ਵਰਕਸ਼ਾਪ ਸੀ, ਸ਼ਨੀਵਾਰ ਨੂੰ ਢਹਿ ਗਈ, ਜਿਸ ਵਿੱਚ 28 ਲੋਕ ਜ਼ਖਮੀ ਹੋ ਗਏ। ਸ਼ੁਰੂਆਤੀ ਤੌਰ 'ਤੇ ਮੌਕੇ ਤੋਂ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ।
ਮਲਬੇ 'ਚੋਂ ਮਿਲੀਆਂ ਤਿੰਨ ਲਾਸ਼ਾਂ
NDRF ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਟੀਮਾਂ ਦੁਆਰਾ ਪੂਰੀ ਰਾਤ ਚੱਲੇ ਬਚਾਅ ਕਾਰਜਾਂ ਵਿੱਚ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਰਾਹਤ ਕਮਿਸ਼ਨਰ ਜੀ.ਐਸ. ਨਵੀਨ ਨੇ ਮ੍ਰਿਤਕਾਂ ਦੀ ਪਛਾਣ ਰਾਜ ਕਿਸ਼ੋਰ (27), ਰੁਦਰ ਯਾਦਵ (24) ਅਤੇ ਜਗਰੂਪ ਸਿੰਘ (35) ਵਜੋਂ ਕੀਤੀ ਹੈ। ਅੱਠਵੀਂ ਲਾਸ਼ ਐਤਵਾਰ ਤੜਕੇ 3 ਵਜੇ ਦੇ ਕਰੀਬ ਬਰਾਮਦ ਕੀਤੀ ਗਈ।
ਕਦੋਂ ਅਤੇ ਕਿਵੇਂ ਵਾਪਰਿਆ ਇਹ ਹਾਦਸਾ ?
ਸ਼ਨੀਵਾਰ ਸ਼ਾਮ 4:45 ਵਜੇ ਲਖਨਊ ਦੇ ਟਰਾਂਸਪੋਰਟ ਨਗਰ 'ਚ ਕਰੀਬ ਚਾਰ ਸਾਲ ਪਹਿਲਾਂ ਬਣੀ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਜਦੋਂ ਇਹ ਇਮਾਰਤ ਡਿੱਗੀ ਤਾਂ ਇਮਾਰਤ ਦੇ ਅੰਦਰ ਕੁਝ ਉਸਾਰੀ ਦਾ ਕੰਮ ਚੱਲ ਰਿਹਾ ਸੀ। ਘਟਨਾ ਦੇ ਸਮੇਂ ਜ਼ਿਆਦਾਤਰ ਪੀੜਤ ਜ਼ਮੀਨੀ ਮੰਜ਼ਿਲ 'ਤੇ ਕੰਮ ਕਰ ਰਹੇ ਸਨ। ਜ਼ਖ਼ਮੀਆਂ ਨੂੰ ਲੋਕਬੰਧੂ ਹਸਪਤਾਲ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।