
ਡਾਕਟਰ ਵਿਰੁਧ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ
Doctor leaves surgery midway News: ਮਹਾਰਾਸ਼ਟਰ ਦੇ ਨਾਗਪੁਰ ਦੇ ਇਕ ਸਰਕਾਰੀ ਹਸਪਤਾਲ ਵਿਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਡਾਕਟਰ ਨੂੰ ਚਾਹ ਦੀ ਅਜਿਹੀ ਲਤ ਸੀ ਕਿ ਡਾਕਟਰ ਗੁੱਸੇ ਵਿਚ ਆ ਗਿਆ ਅਤੇ ਆਪਰੇਸ਼ਨ ਅੱਧ ਵਿਚਾਲੇ ਛੱਡ ਕੇ ਓਟੀ ਵਿਚੋਂ ਬਾਹਕ ਆ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਨਾਗਪੁਰ ਦੀ ਮੌਦਾ ਤਹਿਸੀਲ ਦੇ ਸਥਾਨਕ ਸਿਹਤ ਕੇਂਦਰ 'ਚ 3 ਨਵੰਬਰ ਨੂੰ ਵਾਪਰੀ। ਪ੍ਰਵਾਰ ਨਿਯੋਜਨ ਸਰਜਰੀ (ਨਸਬੰਦੀ) ਲਈ 8 ਔਰਤਾਂ ਨੂੰ ਬੁਲਾਇਆ ਗਿਆ ਸੀ।
ਔਰਤਾਂ ਦੇ ਆਪਰੇਸ਼ਨ ਲਈ ਡਾਕਟਰ ਤੇਜਰੰਗ ਭਲਵੀ ਨੂੰ ਬੁਲਾਇਆ ਗਿਆ। ਜਿਵੇਂ ਹੀ ਡਾਕਟਰ ਨੇ ਚਾਰ ਆਪ੍ਰੇਸ਼ਨ ਪੂਰੇ ਕੀਤੇ, ਉਸ ਨੂੰ ਚਾਹ ਦੀ ਤਲਬ ਹੋਣ ਲੱਗੀ। ਹਸਪਤਾਲ 'ਚ ਚਾਹ ਨਾ ਮਿਲਣ 'ਤੇ ਉਹ ਇੰਨਾ ਗੁੱਸੇ 'ਚ ਆ ਗਿਆ ਕਿ ਉਹ ਬਾਕੀ ਆਪ੍ਰੇਸ਼ਨ ਕੀਤੇ ਬਿਨਾਂ ਹੀ ਆਪਰੇਸ਼ਨ ਥੀਏਟਰ ਛੱਡ ਕੇ ਚਲਾ ਗਿਆ। ਜਦਕਿ ਬਾਕੀ ਚਾਰ ਔਰਤਾਂ ਨੂੰ ਬੇਹੋਸ਼ੀ ਦਾ ਟੀਕਾ ਲਗਾਇਆ ਗਿਆ ਸੀ।
ਜਿਵੇਂ ਹੀ ਜ਼ਿਲ੍ਹਾ ਸੀਈਓ ਸੌਮਿਆ ਸ਼ਰਮਾ ਨੂੰ ਇਸ ਹੈਰਾਨ ਕਰਨ ਵਾਲੇ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਤੁਰੰਤ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰੀ ਰਾਹੀਂ ਡਾਕਟਰਾਂ ਦੀ ਇਕ ਹੋਰ ਟੀਮ ਭੇਜ ਕੇ ਆਪ੍ਰੇਸ਼ਨ ਕਰਵਾਇਆ। ਮੁਲਜ਼ਮ ਡਾਕਟਰ ਵਿਰੁਧ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ।
ਸੌਮਿਆ ਸ਼ਰਮਾ ਨੇ ਦਸਿਆ ਕਿ 3 ਨਵੰਬਰ ਦਿਨ ਸ਼ੁਕਰਵਾਰ ਨੂੰ ਮੌਦਾ ਤਹਿਸੀਲ ਦੇ ਸਰਕਾਰੀ ਹਸਪਤਾਲ ਵਿਚ ਪ੍ਰਵਾਰ ਨਿਯੋਜਨ ਅਪਰੇਸ਼ਨ ਕਰਵਾਇਆ ਗਿਆ। ਰਾਮਟੇਕ ਤਹਿਸੀਲ ਦੇ ਆਰਐਚ ਸਰਕਾਰੀ ਹਸਪਤਾਲ ਦੇ ਡਾਕਟਰ ਤੇਜਰੰਗ ਭਲਵੀ ਨੂੰ ਅਪਰੇਸ਼ਨ ਕਰਨ ਲਈ ਬੁਲਾਇਆ ਗਿਆ ਸੀ। ਉਸ ਨੇ 4 ਅਪਰੇਸ਼ਨ ਕੀਤੇ ਤੇ 4 ਛੱਡ ਦਿਤੇ, ਅਜਿਹੀ ਖ਼ਬਰ ਉਸ ਨੂੰ ਪੰਚਾਇਤ ਸੰਮਤੀ ਮੈਂਬਰ ਨੇ ਦਿਤੀ। ਉਸ ਨੇ ਤੁਰੰਤ ਨਾਗਪੁਰ ਜ਼ਿਲ੍ਹਾ ਪ੍ਰੀਸ਼ਦ ਦੇ ਸਿਹਤ ਅਧਿਕਾਰੀ ਨੂੰ ਬੁਲਾਇਆ ਅਤੇ ਬਾਕੀ ਅਪਰੇਸ਼ਨਾਂ ਲਈ ਡਾਕਟਰ ਭੇਜਣ ਲਈ ਕਿਹਾ।
ਉਸ ਨੂੰ ਦਸਿਆ ਗਿਆ ਕਿ ਡਾਕਟਰ ਤੇਜਰੰਗ ਨੂੰ ਚਾਹ ਨਹੀਂ ਮਿਲੀ ਇਸ ਲਈ ਉਸ ਨੇ ਆਪਰੇਸ਼ਨ ਵਿਚਾਲੇ ਛੱਡ ਦਿਤਾ। ਉਨ੍ਹਾਂ ਇਸ ਮਾਮਲੇ ਦੀ ਤੁਰੰਤ ਜਾਂਚ ਦੇ ਹੁਕਮ ਦਿਤੇ ਹਨ। ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਰੀਪੋਰਟ ਆਉਣ ਤੋਂ ਬਾਅਦ ਡਾਕਟਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸੌਮਿਆ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ, ਜੇਕਰ ਡਾਕਟਰ ਚਾਹ ਪੀਣ ਲਈ ਅਪਰੇਸ਼ਨ ਛੱਡ ਰਹੇ ਹਨ ਤਾਂ ਅਜਿਹੇ ਡਾਕਟਰਾਂ ਵਿਰੁਧ ਆਈਪੀਐਸ ਦੀ 304 ਤਹਿਤ ਕਾਰਵਾਈ ਹੋਣੀ ਚਾਹੀਦੀ ਹੈ।