
ਸਮਾਜ ਦਾ ਵੱਡਾ ਹਿੱਸਾ ਸਰਕਾਰ ਤੋਂ ਨਾਰਾਜ਼
ਮੁੰਬਈ : ਐਨਸੀਪੀ ਮੁਖੀ ਸ਼ਰਦ ਪਵਾਰ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਹੱਲਾ ਬੋਲਦਿਆਂ ਉਸ ਵਿਰੁਧ ਦੇਸ਼ ਦੀ ਏਕਤਾ ਨੂੰ ਝਟਕਾ ਦੇਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ਵਿਚ ਕੇਂਦਰ ਦੀਆਂ ਨੀਤੀਆਂ ਤਾਨਾਸ਼ਾਹੀ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਨੀਤੀਆਂ ਦਾ ਜਵਾਬ ਮਹਾਤਮਾ ਗਾਂਧੀ ਦੁਆਰਾ ਦੱਸੇ ਗਏ ਅਹਿੰਸਕ ਢੰਗ ਨਾਲ ਦਿਤਾ ਜਾਵੇ।
Photo
ਵਪਾਰ ਨੇ ਸ਼ਹਿਰ ਵਿਚ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਦੀ 'ਗਾਂਧੀ ਸ਼ਾਂਤੀ ਯਾਤਰਾ' ਨੂੰ ਹਰੀ ਝੰਡੀ ਵਿਖਾਉਣ ਮਗਰੋਂ ਇਹ ਗੱਲ ਕਹੀ। ਸੋਧੇ ਹੋਏ ਨਾਗਰਿਕਤਾ ਕਾਨੂੰਨ, ਐਨਆਰਸੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹਿੰਸਾ ਵਿਰੁਧ ਸਿਨਹਾ ਨੇ ਇਥੋਂ ਗੇਟਵੇਅ ਆਫ਼ ਇੰਡੀਆ ਤੋਂ ਯਾਤਰਾ ਸ਼ੁਰੂ ਕੀਤੀ।
Photo
ਪਵਾਰ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਵਿਦਿਆਰਥੀਆਂ 'ਤੇ ਹਮਲੇ ਦੀ ਘਟਨਾ ਕਾਰਨ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਪਵਾਰ ਨੇ ਕਿਹਾ, 'ਸਰਕਾਰ ਤਾਨਾਸ਼ਾਹੀ ਵਾਲੀਆਂ ਨੀਤੀਆਂ ਵਰਤ ਰਹੀ ਹੈ। ਯੂਨੀਵਰਸਿਟੀ ਵਿਚ ਜੋ ਕੁੱਝ ਹੋਇਆ, ਉਸ ਦਾ ਪੂਰੇ ਦੇਸ਼ ਵਿਚ ਵਿਰੋਧ ਹੋ ਰਿਹਾ ਹੈ।
Photo
ਸਰਕਾਰ ਦੀ ਤਾਨਾਸ਼ਾਹੀ ਦਾ ਜਵਾਬ ਗਾਂਧੀ ਦੁਆਰਾ ਦੱਸੇ ਤਰੀਕੇ ਨਾਲ ਕਰਨਾ ਚਾਹੀਦਾ ਹੈ।' ਉਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਭਾਰਤ ਦਾ ਪ੍ਰਤੀਨਿਧ ਅਤੇ ਦੇਸ਼ ਦਾ ਹਿੱਸੇਦਾਰ ਦਸਦਿਆਂ ਦਾਅਵਾ ਕੀਤਾ ਕਿ ਸਰਕਾਰ ਨੇ ਸੀਏਏ ਜਿਹੇ ਕਦਮਾਂ ਨਾਲ ਜਨਤਾ ਨੂੰ ਨਿਰਾਸ਼ ਕੀਤਾ ਹੈ।
Photo
ਉਨ੍ਹਾਂ ਪ੍ਰਦਰਸ਼ਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮਾਜ ਦਾ ਵੱਡਾ ਹਿੱਸਾ ਸਰਕਾਰ ਤੋਂ ਨਾਰਾਜ਼ ਹੈ।