
ਨਕਸਲੀਆਂ ਦੇ ਨਿਸ਼ਾਨੇ 'ਤੇ ਸਥਾਨਕ ਭਾਜਪਾ ਵਿਧਾਇਕ ਭੀਮਾ ਮੰਡਾਵੀ ਦਾ ਕਾਫ਼ਲਾ ਸੀ
ਦੰਤੇਵਾੜਾ : ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਤੋਂ ਦੋ ਦਿਨ ਪਹਿਲਾਂ ਨਕਸਲੀਆਂ ਨੇ ਦੰਤੇਵਾੜਾ 'ਚ ਆਈ.ਈ.ਡੀ. ਧਮਾਕਾ ਕਰ ਦਿੱਤਾ। ਨਕਸਲੀਆਂ ਦੇ ਨਿਸ਼ਾਨੇ 'ਤੇ ਸਥਾਨਕ ਭਾਜਪਾ ਵਿਧਾਇਕ ਭੀਮਾ ਮੰਡਾਵੀ ਦਾ ਕਾਫ਼ਲਾ ਸੀ। ਇਹ ਕਾਫ਼ਲਾ ਮੰਗਲਵਾਰ ਦੁਪਹਿਰ ਨਕੁਲਨਾਰ ਤੋਂ ਲਗਭਗ 2 ਕਿਲੋਮੀਟਰ ਦੂਰ ਸ਼ਿਆਮਗਿਰੀ ਤੋਂ ਗੁਜ਼ਰ ਰਿਹਾ ਸੀ।
6 Killed In Maoist Attack On BJP Convoy in Dantewada
ਡੀ.ਆਈ.ਜੀ. ਪੀ. ਸੁੰਦਰਰਾਜ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਵਿਧਾਇਕ ਮੰਡਾਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ 5 ਜਵਾਨ ਵੀ ਹਮਲੇ 'ਚ ਸ਼ਹੀਦ ਹੋ ਗਏ। ਹਮਲਾ ਉਦੋਂ ਹੋਇਆ ਜਦੋਂ ਵਿਧਾਇਕ ਭੀਮਾ ਮੰਡਾਵੀ ਚੋਣ ਪ੍ਰਚਾਰ ਕਰ ਕੇ ਵਾਪਸ ਪਰਤ ਰਹੇ ਸਨ। ਨਕਸਲ ਪ੍ਰਭਾਵਤ ਖੇਤਰ ਹੋਣ ਕਾਰਨ ਦੰਤੇਵਾੜਾ 'ਚ ਚੋਣ ਪ੍ਰਚਾਰ ਦੁਪਹਿਰ 3 ਵਜੇ ਹੀ ਖ਼ਤਮ ਹੋ ਗਿਆ ਸੀ। ਮੰਡਾਵੀ ਬੁਲੇਟਪਰੂਫ ਗੱਡੀ 'ਚ ਸਵਾਰ ਸਨ। ਉਨ੍ਹਾਂ ਦੇ ਕਾਫ਼ਲੇ 'ਚ ਸੁਰੱਖਿਆ ਬਲਾਂ ਦੀ ਗੱਡੀ ਵੀ ਸੀ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਮੰਡਾਵੀ ਅਤੇ ਸੁਰੱਖਿਆ ਬਲਾਂ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।
6 Killed In Maoist Attack On BJP Convoy in Dantewada
ਜ਼ਿਕਰਯੋਗ ਹੈ ਕਿ ਸਾਲ 2018 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਬਸਤਰ ਸੰਭਾਗ ਦੀਆਂ 12 ਸੀਟਾਂ ਤੋਂ ਭਾਜਪਾ ਸਿਰਫ਼ ਦੰਤੇਵਾੜਾ ਸੀਟ 'ਤੇ ਜਿੱਤੀ ਸੀ। ਇੱਥੇ ਭੀਮਾ ਮੰਡਾਵੀ ਨੇ ਕਾਂਗਰਸ ਦੇ ਦੇਵਤੀ ਕਰਮਾ ਨੂੰ ਹਰਾਇਆ ਸੀ। ਮੰਡਾਵੀ ਵਿਧਾਨ ਸਭਾ 'ਚ ਭਾਜਪਾ ਵਿਧਾਇਕ ਦਲ ਦੇ ਉਪ ਨੇਤਾ ਵੀ ਸਨ।
ਦੱਸ ਦਈਏ ਕਿ ਛੱਤੀਸਗੜ੍ਹ 'ਚ ਤਿੰਨ ਗੇੜਾਂ 'ਚ ਚੋਣਾਂ ਹੋਣੀਆਂ ਹਨ। ਇਥੇ 11, 18 ਅਤੇ 23 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ।