
ਸਟੀਫ਼ਨ ਹਾਕਿੰਗ ਨੂੰ ਅਪਣਾ ਆਦਰਸ਼ ਮੰਨਣ ਵਾਲੇ ਵਿਨਾਇਕ ਦੀ ਮਾਰਚ ਵਿਚ ਪ੍ਰੀਖਿਆ ਦੌਰਾਨ ਹੀ ਮੌਤ ਹੋ ਗਈ ਸੀ।
ਨੋਇਡਾ: 10ਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਅੱਜ ਮੈਰਿਟ ਵਿਚ ਆਉਣ ਵਾਲੇ ਬੱਚਿਆਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਪਰ ਜੇਕਰ ਅੱਜ ਵਿਨਾਇਕ ਸ੍ਰੀਧਰ ਜਿੰਦਾ ਹੁੰਦਾ ਤਾਂ ਸ਼ਾਇਦ ਉਹ ਪੂਰੇ ਭਾਰਤ ਭਰ ਵਿਚੋਂ ਇਸ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਹਾਸਿਲ ਕਰਦਾ। ਸਟੀਫ਼ਨ ਹਾਕਿੰਗ ਨੂੰ ਅਪਣਾ ਆਦਰਸ਼ ਮੰਨਣ ਵਾਲੇ ਵਿਨਾਇਕ ਦੀ ਮਾਰਚ ਵਿਚ ਪ੍ਰੀਖਿਆ ਦੌਰਾਨ ਹੀ ਮੌਤ ਹੋ ਗਈ ਸੀ। ਮੌਤ ਤੋਂ ਪਹਿਲਾਂ ਉਹ ਸੀਬੀਐਸਈ ਦਸਵੀਂ ਦੀਆਂ ਤਿੰਨ ਪ੍ਰੀਖਿਆਵਾਂ ਦੇ ਚੁੱਕਿਆ ਸੀ ਜਿਨ੍ਹਾਂ ਵਿਚੋਂ ਉਸ ਨੇ ਲਗਭਗ 100 ਫ਼ੀਸਦੀ ਅੰਕ ਹਾਸਲ ਕੀਤੇ ਹਨ।
ਵਿਨਾਇਕ ਨੇ ਅੰਗਰੇਜ਼ੀ ਵਿਚ 100 ਫ਼ੀਸਦੀ ਅੰਕ ਹਾਸਲ ਕੀਤੇ, ਵਿਗਿਆਨ ਵਿਚ 96 ਫ਼ੀਸਦੀ ਅਤੇ ਸੰਸਕ੍ਰਿਤ ਵਿਚ 97 ਫ਼ੀਸਦੀ ਅੰਕ ਹਾਸਲ ਕੀਤੇ। ਉਹ ਕੰਪਿਊਟਰ ਸਾਇੰਸ ਅਤੇ ਸੋਸ਼ਲ ਸਟੱਡੀਜ਼ ਦੀ ਪ੍ਰੀਖਿਆ ਨਹੀਂ ਦੇ ਸਕਿਆ ਸੀ। 10ਵੀਂ ਕਲਾਸ ਦੀ ਬੋਰਡ ਪ੍ਰੀਖਿਆ ਵਿਚ ਟਾਪ ਕਰਨਾ, ਪੁਲਾੜ ਯਾਤਰੀ ਬਣਨਾ ਅਤੇ ਰਾਮੇਸ਼ਵਰਮ ਦੀ ਯਾਤਰਾ ਕਰਨਾ ਸ੍ਰੀਧਰ ਦੀਆਂ ਅਧੂਰੀਆਂ ਇੱਛਾਵਾਂ ਬਣ ਕੇ ਰਹਿ ਗਈਆਂ।
ਵਿਨਾਇਕ ਉਦੋਂ ਮਹਿਜ਼ ਦੋ ਸਾਲ ਦਾ ਸੀ ਜਦੋਂ ਉਹ ਮਸਕੁਲਰ ਡਿਸਟ੍ਰਾਫ਼ੀ ਨਾਂਅ ਦੀ ਬਿਮਾਰੀ ਤੋਂ ਪੀੜਤ ਹੋ ਗਿਆ ਸੀ। ਡਚੇਨ ਮਸਕੁਲਰ ਡਿਸਟ੍ਰਾਫ਼ੀ ਇਕ ਅਣੂਵੰਸ਼ਿਕ ਬਿਮਾਰੀ ਹੈ ਜੋ ਮਾਸਪੇਸ਼ੀਆਂ ਦੇ ਵਿਕਾਸ ਨੂੰ ਰੋਕ ਦਿੰਦੀ ਹੈ ਅਤੇ ਉਹ ਸੁੰਗੜਨ ਲੱਗ ਜਾਂਦੀਆਂ ਹਨ ਇਸ ਨਾਲ ਸਰੀਰ ਦੇ ਅੰਗ ਬੇਹੱਦ ਕਮਜ਼ੋਰ ਹੋ ਜਾਂਦੇ ਹਨ। ਇਹ ਡਿਸਟ੍ਰੋਫਿਨ ਦੀ ਕਮੀ ਦੇ ਕਾਰਨ ਹੁੰਦਾ ਹੈ। ਵਿਨਾਇਕ ਨੋਇਡਾ ਦੇ ਐਮਿਟੀ ਸਕੂਲ ਵਿਚ ਪੜ੍ਹਦਾ ਸੀ। ਇਸ ਸਾਲ ਸੀਬੀਐਸਈ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਪਰ ਮਹਾਨ ਵਿਗਿਆਨੀ ਹਾਕਿੰਗ ਦੀ ਤਰ੍ਹਾਂ ਉਸ ਦੀ ਜ਼ਿੰਦਗੀ ਵੀ ਵੀਲ੍ਹ ਚੇਅਰ 'ਤੇ ਲੰਘ ਰਹੀ ਸੀ।
ਪ੍ਰੀਖਿਆਵਾਂ ਸ਼ੁਰੂ ਹੋਈਆਂ ਤਾਂ ਵਿਨਾਇਕ ਦੀ ਮਦਦ ਲਈ ਇਕ ਰਾਈਟਰ ਮਿਲਿਆ ਪਰ ਸੰਸਕ੍ਰਿਤ ਦੀ ਪ੍ਰੀਖਿਆ ਵਿਚ ਵਿਨਾਇਕ ਨੇ ਖ਼ੁਦ ਤੋਂ ਅਪਣੀ ਕਾਪੀ ਲਿਖੀ ਜਦਕਿ ਅੰਗਰੇਜ਼ੀ ਅਤੇ ਵਿਗਿਆਨ ਵਿਚ ਉਸ ਨੇ ਰਾਈਟਰ ਦੀ ਮਦਦ ਲਈ। ਵਿਨਾਇਕ ਦੀ ਮਾਂ ਮਮਤਾ ਦਾ ਕਹਿਣਾ ਹੈ ਕਿ ਹੁਣ ਜਦੋਂ ਵਿਨਾਇਕ ਦਾ ਨਤੀਜਾ ਆਇਆ ਹੈ ਤਾਂ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ ਹਨ ਕਿਉਂਕਿ ਉਸ ਨੇ ਸਾਰੇ ਵਿਸ਼ਿਆਂ ਵਿਚੋਂ ਕਰੀਬ 100 ਫ਼ੀਸਦੀ ਅੰਕ ਹਾਸਲ ਕੀਤੇ ਹਨ।
ਮਮਤਾ ਦਾ ਕਹਿਣਾ ਹੈ ਕਿ ਵਿਨਾਇਕ ਦੀ ਭੈਣ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਵਿਚ ਪੜ੍ਹਦੀ ਹੈ ਅਤੇ ਉਥੇ ਹੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੀ ਹੈ। ਉਸ ਦੇ ਪਿਤਾ ਇਕ ਕੰਪਨੀ ਵਿਚ ਵਾਈਸ ਪ੍ਰੈਜੀਡੈਂਟ ਹਨ। ਵਿਨਾਇਕ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਵਿਨਾਇਕ ਨਾਲ ਅਕਸਰ ਪੜ੍ਹਾਈ ਦੀ ਗੱਲ ਹੁੰਦੀ ਸੀ ਤਾਂ ਵਿਨਾਇਕ ਕਹਿੰਦਾ ਸੀ ਕਿ ਜਦੋਂ ਸਟੀਫ਼ਨ ਸਰ ਵੀਲ੍ਹ ਚੇਅਰ 'ਤੇ ਬੈਠ ਕੇ ਯੂਨੀਵਰਸਿਟੀ ਜਾ ਕੇ ਕਾਸਮੋਲਾਜੀ ਵਿਚ ਨਾਮ ਕਮਾ ਸਕਦੇ ਨੇ ਤਾਂ ਮੈਂ ਪੁਲਾੜ ਵਿਚ ਕਿਉਂ ਨਹੀਂ ਜਾ ਸਕਦਾ। ਉਹ ਅਕਸਰ ਕਹਿੰਦਾ ਸੀ ਕਿ ਮੈਂ ਇਕ ਦਿਨ ਵੀਲ੍ਹ ਚੇਅਰ 'ਤੇ ਬੈਠ ਕੇ ਪੁਲਾੜ ਵਿਚ ਜਾਵਾਂਗਾ ਪਰ ਅਫ਼ਸੋਸ ਕਿ ਇਸ ਜੂਨੀਅਰ ਹਾਕਿੰਗ ਦਾ ਇਹ ਸੁਪਨਾ ਅਧੂਰਾ ਹੀ ਰਹਿ ਗਿਆ।