
ਉੱਤਰ ਪ੍ਰਦੇਸ਼ ‘ਚ ਕਾਂਸਟੇਬਲ ਮਹਿਲਾ ਪੁਲਿਸ ਵੱਲੋਂ ਗੈਂਗਸਟਰ ਰਾਹੁਲ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਲਖਨਊ: ਉੱਤਰ ਪ੍ਰਦੇਸ਼ ‘ਚ ਕਾਂਸਟੇਬਲ ਮਹਿਲਾ ਪੁਲਿਸ ਵੱਲੋਂ ਗੈਂਗਸਟਰ ਰਾਹੁਲ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕਾਂਸਟੇਬਲ ਪਾਇਲ ਪਹਿਲੀ ਵਾਰ ਗਰੇਟਰ ਨੋਏਡਾ ਦੇ ਕੋਰਟ ਵਿੱਚ ਗੈਂਗਸਟਰ ਰਾਹੁਲ ਥਾਰਸਾਨਾ ਨੂੰ ਮਿਲੀ ਸੀ। ਜਿਸ ਤੋਂ ਬਾਅਦ ਪਾਇਲ ਨੇ ਜੇਲ੍ਹ ‘ਚ ਬੰਦ ਗੈਂਗਸਟਰ ਨੂੰ ਮਿਲਣਾ ਅਤੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ।
ਇਸੇ ਦੋਰਾਨ ਪਾਇਲ ਨੇ ਗੈਂਗਸਟਰ ਰਾਹੁਲ ਨਾਲ ਪਿਆਰ ਹੋਣ ਤੋਂ ਬਾਅਦ ਉਸ ਨਾਲ ਵਿਆਹ ਵੀ ਕਰਵਾ ਲਿਆ। ਜਿਸਦੀ ਤਸਵੀਰ ਹਾਲ ਹੀ ਵਿੱਚ ਰਾਹੁਲ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਫਿਲ਼ਹਾਲ ਅਜੇ ਇਸ ਜੋੜੇ ਨੇ ਵਿਆਹ ਦੇ ਸਥਾਨ ਅਤੇ ਸਮੇਂ ਦੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਇਸ ਮਾਮਲੇ ‘ਚ ਸ਼ਰਮਸਾਰ ਹੋਈ ਯੂਪੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਵਿਆਹ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ।
ਇਸ ਮਾਮਲੇ ‘ਚ ਐੱਸਪੀ ਰਣਵਿਜੇ ਸਿੰਘ ਨੇ ਕਿਹਾ ਕਿ ਇਹ ਮਹਿਲਾ ਕਿੱਥੇ ਤਾਇਨਾਤ ਹੈ, ਇਸ ਬਾਰੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਰਾਹੁਲ ਵਪਾਰੀ ਮਨਮੋਹਨ ਗੋਇਲ ਦੇ ਕਤਲ ਦਾ ਆਰੋਪੀ ਸੀ, ਜਿਸ ਨੂੰ 9 ਮਈ 2014 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਤੋਂ ਇਲਾਵਾਂ ਵੀ ਰਾਹੁਲ ‘ਤੇ ਲੁੱਟ ਅਤੇ ਕਤਲ ਦੇ ਕਈ ਕੇਸ ਦਰਜ ਹਨ।