
ਅਕਸ਼ੇ ਪਹਿਲਵਾਨ 15 ਕਤਲ ਕੇਸਾਂ ਅਤੇ 20 ਹਾਈਵੇਅ ਡਕੈਤੀਆਂ ਵਿਚ ਸੀ ਲੋੜੀਂਦਾ
ਰੋਪੜ: ਰੋਪੜ ਪੁਲਿਸ ਨੇ ਇਕ ਹੋਰ ਵੱਡੀ ਸਫ਼ਲਤਾ ਦਰਜ ਕਰਦਿਆਂ ਨੂਰਪੁਰਬੇਦੀ ਖੇਤਰ ਵਿਚ ਦੋਹਾਂ ਪਾਸੇ ਹੋਈ ਗੋਲੀਬਾਰੀ ਤੋਂ ਬਾਅਦ ਅਕਸ਼ੇ ਪਹਿਲਵਾਨ ਉਰਫ ਕਾਲੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੇ ਪਿਸਤੌਲ ਦੀਆਂ ਗੋਲੀਆਂ ਖ਼ਤਮ ਹੋ ਜਾਣ ਬਾਅਦ ਸੀ.ਏ.ਆਈ. ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਨੇ ਉਸ ਨੂੰ ਦਬੋਚ ਲਿਆ। 19 ਸਾਲਾ ਅਕਸ਼ੇ ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿਚ ਘਿਨਾਉਣੇ ਕਤਲ ਦੇ ਮਾਮਲਿਆਂ ਵਿਚ ਲੋੜੀਂਦਾ ਸੀ।
Arrested
ਸਤੰਬਰ, 2015 ਵਿਚ ਉਸ ਨੂੰ ਸੋਨੀਪਤ ਵਿਖੇ 3 ਘਿਨਾਉਣੇ ਕਤਲ ਦੇ ਮਾਮਲਿਆਂ ਵਿਚ 18 ਮਹੀਨੇ ਦੀ ਜੇਲ੍ਹ ਹੋਈ। ਨਾਬਾਲਗ ਹੋਣ ਕਾਰਨ ਉਹ 2017 ਤੋਂ ਜਮਾਨਤ ’ਤੇ ਬਾਹਰ ਸੀ। ਇਕ ਵਾਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਦਿੱਲੀ ਅਧਾਰਤ ਗੈਂਗਸਟਰ ਰਾਜੂ ਬਿਸੌਦੀ ਜੋ ਕਿ ਸੋਨੀਪਤ ਦਾ ਰਹਿਣ ਵਾਲਾ ਹੈ ਦੇ ਸੰਪਰਕ ਵਿਚ ਆਇਆ। ਇੱਥੇ ਉਹ 3 ਕਤਲ ਕੇਸਾਂ, ਲੁੱਟ ਅਤੇ ਜਬਰਨ ਵਸੂਲੀ ਦੇ ਮਾਮਲਿਆਂ ਵਿਚ ਸ਼ਾਮਲ ਹੋਇਆ। ਉਸ ਨੇ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਪਸ਼ੂ ਤਸਕਰੀ ਦਾ ਸੰਸਥਾਗਤ ਰੈਕੇਟ ਚਲਾਇਆ।
ਪਿਛਲੇ 2 ਸਾਲਾਂ ਦੌਰਾਨ ਉਹ ਲਾਰੈਂਸ ਬਿਸ਼ਨੋਈ (ਕੈਦੀ ਗੈਂਗਸਟਰ) ਦੇ ਸੰਪਰਕ ਵਿਚ ਵੀ ਆਇਆ। ਇਸ ਗਰੁੱਪ ਦੇ ਮੈਂਬਰਾਂ ਨਾਲ ਮਿਲ ਕੇ ਉਸ ਨੇ 4 ਕਤਲ ਅਤੇ 6 ਹਾਈਵੇਅ ਡਕੈਤੀਆਂ ਨੂੰ ਅੰਜ਼ਾਮ ਦਿਤਾ। ਮਾਰਚ 2017 ਵਿਚ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਉਸ ਨੇ ਕਰੀਬ 10 ਹਾਈਵੇਅ ਡਕੈਤੀਆਂ ਕੀਤੀਆਂ ਅਤੇ ਤਕਰੀਬਨ 50 ਲੱਖ ਰੁਪਏ ਲੁੱਟੇ। ਸਤੰਬਰ 2015 ਵਿਚ ਉਸ ਨੇ ਕੰਦਲੀ ਸੋਨੀਪਤ ਦੀ ਮਾਰਕੀਟ ਦੀ ਭੀੜ ਵਿਚ ਪਿਓ, ਪੁੱਤਰ ਨੂੰ ਗੋਲੀ ਮਾਰ ਦਿਤੀ।
ਜਨਵਰੀ 2018 ਵਿਚ ਆਪਣੇ ਗਰੁੱਪ ਮੈਂਬਰਾਂ ਨਾਲ ਉਸ ਨੇ ਜੇ.ਐਮ.ਆਈ.ਸੀ, ਰਾਜਗੜ੍ਹ, ਚੁਰੂ (ਰਾਜਸਥਾਨ) ਦੀ ਅਦਾਲਤ ਵਿਚ 2 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ। ਬਾਅਦ ਵਿੱਚ ਜੂਨ, 2018 ਵਿੱਚ ਜੌਰਡਨ ਨੂੰ ਹਨੂੰਮਾਨਗੜ੍ਹ (ਰਾਜਸਥਾਨ) ਵਿਖੇ ਜਿੰਮ ਵਿੱਚ ਮੌਤ ਦੇ ਘਾਟ ਉਤਾਰ ਦਿਤਾ। ਇਸ ਗੈਂਗ ਦੇ ਸ਼ੋਸ਼ਲ ਮੀਡੀਆ ਅਕਾਊਂਅ ਇਨ੍ਹਾਂ ਦੇ ਕੈਨੇਡਾ ਅਧਾਰਤ ਪੁਰਾਣੇ ਸਾਥੀ ਦੁਆਰਾ ਚਲਾਏ ਜਾ ਰਹੇ ਹਨ। ਜਾਂਚ ਤੋਂ ਹੋਏ ਖੁਲਾਸਿਆਂ ਅਨੁਸਾਰ ਇਨ੍ਹਾਂ ਦੇ ਕੁਝ ਸਾਥੀ ਜਾਅਲੀ ਪਾਸਪੋਰਟਾਂ ਅਤੇ ਦਸਤਾਵੇਜਾਂ ਜ਼ਰੀਏ ਦੇਸ਼ ਤੋਂ ਬਾਹਰ ਚਲੇ ਗਏ ਹਨ।
Arrested
ਇਹ ਪਤਾ ਲਗਾਇਆ ਗਿਆ ਹੈ ਕਿ ਕਤਲ ਦੇ ਸਾਰੇ ਮਾਮਲਿਆਂ ਦੇ ਪਿੱਛੇ ਦਾ ਕਾਰਨ ਸੁਪਾਰੀ ਜਾਂ ਵਿਰੋਧੀ ਗਰੁੱਪਾਂ ਦਰਮਿਆਨ ਆਪਸੀ ਦੁਸ਼ਮਣੀ ਹੈ। ਮਨੋਵਿਗਿਆਨ ਅਤੇ ਹੋਰ ਤੱਥਾਂ ਤੋਂ ਮਿਲੀ ਜਾਣਕਾਰੀ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਉਕਤ ਮੁਲਜ਼ਮ ਕਤਲ ਕਰਨ ਅਤੇ ਜ਼ਿਆਦਾ ਗੋਲੀਆਂ ਦਾਗਣ ਵਿੱਚ ਮਾਣ ਮਹਿਸੂਸ ਕਰਦੇ ਹਨ। ਰੋਪੜ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ, ''ਅਕਸ਼ੇ ਪੁਰਾਣੀ ਰੰਜਿਸ਼ ਦੇ ਚਲਦਿਆਂ ਸੋਨੀਪਤ ਵਿੱਚ ਇੱਕ ਵਿਅਕਤੀ ਨੂੰ ਮਾਰਨ ਦੀ ਯੋਜਨਾ ਘੜ ਰਿਹਾ ਸੀ।
ਉਹ ਰੋਪੜ ਜ਼ਿਲ੍ਹੇ ਦੇ ਨੂਰਪੁਰਬੇਦੀ ਖੇਤਰ ਵਿੱਚ ਹਥਿਆਰਾਂ ਅਤੇ ਹੋਰ ਸਹਾਇਤਾ ਲਈ ਗਿਆ। ਉਸ ਪਾਸੋਂ 32 ਬੋਰ ਦੇ 3 ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ।'' ਪਿਛਲੇ 10 ਮਹੀਨਿਆਂ ਦੌਰਾਨ, ਰੋਪੜ ਪੁਲਿਸ ਵਲੋਂ 9 ਗੈਂਗਸਟਰ ਫੜ੍ਹੇ ਗਏ ਹਨ। ਇਨ੍ਹਾਂ ਵਿਚ ਖਾਸ ਏਰੀਏ ਨਾਲ ਸਬੰਧਤ ਗੈਂਗਸਟਰ ਅਤੇ ਖੰਨਾ, ਫਤਿਹਗੜ੍ਹ ਸਾਹਿਬ, ਤਰਨ ਤਾਰਨ ਅਤੇ ਨੰਦੇੜ੍ਹ (ਮਹਾਰਾਸ਼ਟਰ) ਦੇ ਸ਼ਰਪ ਸ਼ੂਟਰ ਸ਼ਾਮਲ ਹਨ।