ਮਹਿਲਾ ਮਜ਼ਬੂਤੀਕਰਨ ਬਾਰੇ ਵਿਦਿਆਰਥੀਆਂ ਦੇ ਇਕ ਸਵਾਲ ਦੇ ਜਵਾਬ ’ਚ ਬੋਲੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ
ਬੇਂਗਲੁਰੂ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਵਾਲ ਕੀਤਾ ਹੈ ਕਿ ਜੇਕਰ ਭਾਰਤ ’ਚ ਔਰਤਾਂ ਨੂੰ ਵਧਣ-ਫੁੱਲਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਕਿਵੇਂ ਬਣ ਸਕਦੀ ਸੀ।
ਸੀਤਾਰਮਨ ਨੇ ਸਨਿਚਰਵਾਰ ਨੂੰ ਇੱਥੇ ਸੀ.ਐਮ.ਐਸ. ਬਿਜ਼ਨਸ ਸਕੂਲ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਕੇਂਦਰ ਸਰਕਾਰ ਵਲੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਅਤੇ ਨੌਜੁਆਨਾਂ ਲਈ ਸ਼ੁਰੂ ਕੀਤੀਆਂ ਗਈਆਂ ਸਰਕਾਰੀ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ, ਜਿਸ ’ਚ 21 ਤੋਂ 24 ਸਾਲ ਦੀ ਉਮਰ ਵਰਗ ਦੇ ‘ਬੇਰੁਜ਼ਗਾਰ ਨੌਜੁਆਨਾਂ’ ਲਈ ਇਕ ਕਰੋੜ ਅਪ੍ਰੈਂਟਿਸਸ਼ਿਪ ਸਕੀਮਾਂ ਸ਼ਾਮਲ ਹਨ।
ਮਹਿਲਾ ਮਜ਼ਬੂਤੀਕਰਨ ਬਾਰੇ ਇਕ ਸਵਾਲ ਦੇ ਜਵਾਬ ’ਚ ਸੀਤਾਰਮਨ ਨੇ ਕਿਹਾ ਕਿ ਪਿਤਰਸੱਤਾ ਖੱਬੇਪੱਖੀਆਂ ਵਲੋਂ ਖੋਜੀ ਗਈ ਧਾਰਨਾ ਹੈ। ਉਨ੍ਹਾਂ ਨੇ ਸਮਾਗਮ ’ਚ ਹਾਜ਼ਰ ਵਿਦਿਆਰਥੀਆਂ ਨੂੰ ਸਲਾਹ ਦਿਤੀ, ‘‘ਤੁਸੀਂ ਸ਼ਾਨਦਾਰ ਸ਼ਬਦਾਵਲੀ ਦੇ ਬਹਿਕਾਵੇ ’ਚ ਨਾ ਆਇਉ। ਜੇ ਤੁਸੀਂ ਅਪਣੇ ਲਈ ਖੜ੍ਹੇ ਹੁੰਦੇ ਹੋ ਅਤੇ ਤਰਕ ਨਾਲ ਬੋਲਦੇ ਹੋ, ਤਾਂ ਪਿਤਰਸੱਤਾ ਤੁਹਾਨੂੰ ਅਪਣੇ ਸੁਪਨਿਆਂ ਦਾ ਪਾਲਣ ਕਰਨ ਤੋਂ ਨਹੀਂ ਰੋਕ ਸਕਦੀ।’’
ਸੀਤਾਰਮਨ ਨੇ ਹਾਲਾਂਕਿ ਮੰਨਿਆ ਕਿ ਔਰਤਾਂ ਨੂੰ ਉਚਿਤ ਸਹੂਲਤਾਂ ਨਹੀਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਹੋਰ ਸਹੂਲਤਾਂ ਦੀ ਜ਼ਰੂਰਤ ਹੈ। ਭਾਰਤ ’ਚ ਨਵੀਂ ਖੋਜ ਕਰਨ ਵਾਲਿਆਂ ਲਈ ਸੰਭਾਵਨਾਵਾਂ ਬਾਰੇ ਇਕ ਸਵਾਲ ਦੇ ਜਵਾਬ ’ਚ ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ‘ਇਨੋਵੇਟਰਾਂ’ ਲਈ ਢੁਕਵਾਂ ਮਾਹੌਲ ਬਣਾ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਸਿਰਫ ਨੀਤੀ ਬਣਾ ਕੇ ਇਨੋਵੇਟਰਾਂ ਦਾ ਸਮਰਥਨ ਨਹੀਂ ਕਰ ਰਹੇ ਹਾਂ। ਦਰਅਸਲ, ਭਾਰਤ ਸਰਕਾਰ ਇਹ ਯਕੀਨੀ ਕਰ ਰਹੀ ਹੈ ਕਿ ਇਨ੍ਹਾਂ ਇਨੋਵੇਟਰਾਂ ਵਲੋਂ ਕੀਤੀਆਂ ਗਈਆਂ ਨਵੀਨਤਾਵਾਂ ਲਈ ਇਕ ਬਾਜ਼ਾਰ ਹੋਵੇ।’’
ਉਨ੍ਹਾਂ ਨੇ ਇਸ ਸੰਦਰਭ ’ਚ ਇਕ ਉਦਾਹਰਣ ਵਜੋਂ ਐਮ.ਐਸ.ਐਮ.ਈ. ਲਈ ਉਪਲਬਧ ਸਹਾਇਤਾ ਵਿਧੀ ਦਾ ਹਵਾਲਾ ਦਿਤਾ। ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ’ਚ ਉਨ੍ਹਾਂ ਨੂੰ ਤਰਜੀਹ ਦਿਤੀ ਜਾਂਦੀ ਹੈ। ਸੀਤਾਰਮਨ ਨੇ ਕਿਹਾ ਕਿ ਸਰਕਾਰ ਦੀ 40 ਫੀ ਸਦੀ ਖਰੀਦ ਐਮ.ਐਸ.ਐਮ.ਈ. ਤੋਂ ਆ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਭਾਰਤ ’ਚ 2 ਲੱਖ ਤੋਂ ਵੱਧ ਸਟਾਰਟਅੱਪ ਹਨ ਅਤੇ 130 ਤੋਂ ਵੱਧ ਯੂਨੀਕੋਰਨ ਬਣਾਏ ਗਏ ਹਨ। ਮੌਕੇ ਬਹੁਤ ਵੱਡੇ ਹਨ ਪਰ ਉਨ੍ਹਾਂ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਜਾ ਰਹੀ ਹੈ।
ਸੀਤਾਰਮਨ ਨੇ ਕਿਹਾ ਕਿ ਇਹ ਉਸ ਤਰ੍ਹਾਂ ਦਾ ਡਿਜੀਟਲ ਬੈਂਕਿੰਗ ਪਰਿਵਰਤਨ ਹੈ ਜੋ ਭਾਰਤ ’ਚ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਨ ਧਨ ਯੋਜਨਾ ਨੇ ਆਮ ਆਦਮੀ ਲਈ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਡਿਜੀਟਲ ਨੈੱਟਵਰਕ ਦਾ ਵਿਸਥਾਰ ਕਰਨ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਰਕਾਰ ਨੇ ਫੰਡ ਦਿਤਾ ਸੀ, ਜਦਕਿ ਕਈ ਹੋਰ ਦੇਸ਼ ਨਿੱਜੀ ਕੰਪਨੀਆਂ ਰਾਹੀਂ ਅੱਗੇ ਵਧੇ, ਜਿਸ ਦੇ ਨਤੀਜੇ ਵਜੋਂ ਕੁੱਝ ਥਾਵਾਂ ’ਤੇ ਮਾਮੂਲੀ ਫੀਸ ਮਿਲੀ। ਇਸ ਕਾਰਨ ਛੋਟੇ ਪੱਧਰ ਦੇ ਉਪਭੋਗਤਾ ਵੀ ਬਿਨਾਂ ਭੁਗਤਾਨ ਕੀਤੇ ਡਿਜੀਟਲ ਬੈਂਕਿੰਗ ਦੀ ਵਰਤੋਂ ਕਰ ਰਹੇ ਹਨ ਅਤੇ ਇਹ ਭਵਿੱਖ ’ਚ ਹੋਰ ਵਧੇਗਾ।’’