
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਇਥੋਂ ਦੇ ਹਸਪਤਾਲ ਵਿਚ ਦਾਖ਼ਲ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨਾਲ ਮੁਲਾਕਾਤ ਕੀਤੀ।
ਪੁਣੇ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਇਥੋਂ ਦੇ ਹਸਪਤਾਲ ਵਿਚ ਦਾਖ਼ਲ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨਾਲ ਮੁਲਾਕਾਤ ਕੀਤੀ। ਹਸਪਤਾਲ ਦੇ ਸੂਤਰਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ਼ਾਮ ਲਗਭਗ ਛੇ ਵਜੇ ਰੂਬੀ ਹਾਲ ਕਲੀਨਿਕ ਪੁੱਜੇ ਜਿਥੇ ਸ਼ੌਰੀ ਦਾਖ਼ਲ ਹਨ। ਸ਼ੌਰੀ ਇਥੋਂ ਲਗਭਗ 60 ਕਿਲੋਮੀਟਰ ਦੂਰ ਪੈਂਦੇ ਲਵਾਸਾ ਵਿਚ ਅਪਣੇ ਬੰਗਲੇ ਲਾਗੇ ਟਹਿਲਣ ਦੌਰਾਨ ਇਕ ਦਸੰਬਰ ਨੂੰ ਡਿੱਗ ਪਏ ਸਨ ਜਿਸ ਤੋਂ ਬਾਅਦ ਉਨ੍ਹਾਂ ਦਾ ਇਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਮੋਦੀ ਨੇ ਹਸਪਤਾਲ ਵਿਚ 15 ਮਿੰਟ ਬਿਤਾਏ। ਉਨ੍ਹਾਂ ਟਵਿਟਰ 'ਤੇ ਕਿਹਾ, 'ਪੁਣੇ ਵਿਚ ਮੈਂ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਸਿਹਤ ਬਾਰੇ ਜਾਣਿਆ ਅਤੇ ਉਨ੍ਹਾਂ ਨਾਲ ਸ਼ਾਨਦਾਰ ਗੱਲਬਾਤ ਹੋਈ। ' ਡਾਕਟਰਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਸ਼ੌਰੀ ਨਾਲ 15 ਮਿੰਟ ਬਿਤਾਏ ਅਤੇ ਗੱਲਬਾਤ ਦੌਰਾਨ ਉਨ੍ਹਾਂ ਸ਼ੌਰੀ ਨੂੰ ਗਲ ਨਾਲ ਲਾ ਲਿਆ। ਉਨ੍ਹਾਂ ਸ਼ੌਰੀ ਦੇ ਕਮਰੇ ਦੇ ਬਾਹਰ ਉਨ੍ਹਾਂ ਦੇ ਘਰ ਵਾਲਿਆਂ ਨਾਲ ਵੀ ਗੱਲਬਾਤ ਕੀਤੀ।
ਡਾਕਟਰਾਂ ਨੇ ਕਿਹਾ ਸੀ ਕਿ 78 ਸਾਲਾ ਸਾਬਕਾ ਭਾਜਪਾ ਆਗੂ ਦੇ ਦਿਮਾਗ਼ ਵਿਚ ਸੱਟ ਵੱਜੀ ਹੈ ਅਤੇ ਸੋਜਸ਼ ਹੈ। ਪ੍ਰਧਾਨ ਮੰਤਰੀ ਦੀ ਇਸ ਮੁਲਾਕਾਤ 'ਤੇ ਸੋਸ਼ਲ ਮੀਡੀਆ ਵਿਚ ਸਵਾਲ ਕੀਤੇ ਜਾ ਰਹੇ ਹਨ। ਕਈ ਲੋਕਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਦਿੱਲੀ ਅੱਗ ਹਾਦਸੇ ਦੇ ਜ਼ਖ਼ਮੀਆਂ ਨੂੰ ਹਪਸਤਾਲ ਵਿਚ ਜਾ ਕੇ ਮਿਲਣਾ ਅਤੇ ਉਨ੍ਹਾਂ ਦਾ ਹਾਲ ਜਾਣਨਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਲਈ ਸਾਬਕਾ ਭਾਜਪਾ ਆਗੂ ਦੀ ਤਬੀਅਤ ਜਾਣਨਾ ਜ਼ਿਆਦਾ ਜ਼ਰੂਰੀ ਸੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਵਿਚ ਰਾਜਾਂ ਦੇ ਪੁਲਿਸ ਮੁਖੀਆਂ ਦੇ ਸੰਮੇਲਨ ਨੂੰ ਸੰਬੋਧਤ ਕੀਤਾ ਅਤੇ ਕਿਹਾ ਕਿ ਅਧਿਕਾਰੀਆਂ ਨੂੰ ਪੁਲਿਸ ਬਲ ਦਾ ਅਕਸ ਸੁਧਾਰਨ ਦੀ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ ਤਾਕਿ ਔਰਤਾਂ ਅਤੇ ਬੱਚਿਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਅੰਦਰ ਉਨ੍ਹਾਂ ਪ੍ਰਤੀ ਭਰੋਸਾ ਪੈਦਾ ਹੋ ਸਕੇ। ਮੋਦੀ ਨੇ ਔਰਤਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਵਿਚ ਅਸਰਦਾਰ ਪੁਲਿਸਿੰਗ ਦੀ ਭੂਮਿਕਾ 'ਤੇ ਜ਼ੋਰ ਦਿਤਾ। (ਏਜੰਸੀ)
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।