
2019 ਦੀ ਅਮਰੀਕਾ ਯਾਤਰਾ ’ਤੇ ਖਰਚ ਹੋਈ ਸਭ ਤੋਂ ਵੱਧ 23 ਕਰੋੜ ਰੁਪਏ ਰਾਸ਼ੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਗਏ ਵੱਖ-ਵੱਖ ਵਿਦੇਸ਼ੀ ਦੌਰਿਆਂ 'ਤੇ ਕਰੀਬ 239 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਜਾਣਕਾਰੀ ਵੀਰਵਾਰ ਨੂੰ ਰਾਜ ਸਭਾ 'ਚ ਸਰਕਾਰ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਇਹ ਜਾਣਕਾਰੀ ਪ੍ਰਧਾਨ ਮੰਤਰੀ ਦੇ ਦੌਰਿਆਂ ਦੇ ਵੇਰਵਿਆਂ, ਉਹਨਾਂ ਦੇ ਨਤੀਜਿਆਂ ਅਤੇ ਪਿਛਲੇ ਪੰਜ ਸਾਲਾਂ ਵਿਚ ਦੌਰਿਆਂ 'ਤੇ ਹੋਏ ਖਰਚੇ ਬਾਰੇ ਪੁੱਛੇ ਗਏ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿੱਤੀ। ਉਹਨਾਂ ਕਿਹਾ ਕਿ ਅਜਿਹੇ ਦੌਰੇ ਇਕ ਮਹੱਤਵਪੂਰਨ ਸਾਧਨ ਹਨ ਜਿਸ ਰਾਹੀਂ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਦੀ ਪੈਰਵੀ ਕਰਦਾ ਹੈ ਅਤੇ ਵਿਦੇਸ਼ ਨੀਤੀ ਦੇ ਉਦੇਸ਼ਾਂ ਨੂੰ ਲਾਗੂ ਕਰਦਾ ਹੈ।
ਮੰਤਰੀ ਨੇ ਨਵੰਬਰ 2017 ਵਿਚ ਪ੍ਰਧਾਨ ਮੰਤਰੀ ਦੀ ਫਿਲੀਪੀਨਜ਼ ਫੇਰੀ ਤੋਂ ਇਹ ਵੇਰਵੇ ਮੁਹੱਈਆ ਕਰਵਾਏ। ਉਹਨਾਂ ਨੇ ਪ੍ਰਧਾਨ ਮੰਤਰੀ ਦੇ ਨਾਲ 36 ਦੌਰਿਆਂ 'ਤੇ ਆਏ ਵਫਦਾਂ ਦੇ ਮੈਂਬਰਾਂ ਦਾ ਵੇਰਵਾ ਦਿੱਤਾ, ਜਦਕਿ 31 ਦੌਰਿਆਂ 'ਤੇ ਹੋਏ ਖਰਚੇ ਦਾ ਵੇਰਵਾ ਵੀ ਦਿੱਤਾ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਬੰਗਲਾਦੇਸ਼ (26-27 ਮਾਰਚ 2021), ਅਮਰੀਕਾ (22-26 ਸਤੰਬਰ 2021), ਇਟਲੀ ਅਤੇ ਬ੍ਰਿਟੇਨ (29 ਅਕਤੂਬਰ ਤੋਂ 2 ਨਵੰਬਰ 2021) ਦੇ ਦੌਰੇ ਦਾ ਖਰਚਾ ਗ੍ਰਹਿ ਮੰਤਰਾਲੇ ਦੇ ਬਜਟ ਤੋਂ ਪੂਰਾ ਕੀਤਾ ਗਿਆ ਸੀ।
ਇਹ ਤਿੰਨ ਯਾਤਰਾਵਾਂ ਉਹਨਾਂ ਪੰਜ ਦੌਰਿਆਂ 'ਚ ਸ਼ਾਮਲ ਹਨ, ਜਿਨ੍ਹਾਂ 'ਤੇ ਹੋਏ ਖਰਚੇ ਦਾ ਵੇਰਵਾ ਸੂਚੀ 'ਚ ਨਹੀਂ ਸੀ। ਦੂਜੀਆਂ ਦੋ ਫੇਰੀਆਂ ਅਗਸਤ 2019 ਵਿਚ ਭੂਟਾਨ ਅਤੇ ਇਸ ਸਾਲ ਮਈ ਵਿਚ ਨੇਪਾਲ ਦੀ ਯਾਤਰਾ ਹਨ। ਵੇਰਵਿਆਂ ਅਨੁਸਾਰ ਉਹਨਾਂ ਦੀਆਂ 31 ਯਾਤਰਾਵਾਂ 'ਤੇ ਕੁੱਲ 2,39,04,08,625 ਰੁਪਏ ਖਰਚ ਹੋਏ ਹਨ। ਪ੍ਰਧਾਨ ਮੰਤਰੀ ਦੀ 21 ਤੋਂ 28 ਸਤੰਬਰ 2019 ਤੱਕ ਦੀ ਅਮਰੀਕਾ ਫੇਰੀ 'ਤੇ ਸਭ ਤੋਂ ਵੱਧ 23,27,09,000 ਰੁਪਏ ਖਰਚੇ ਗਏ, ਜਦਕਿ ਇਸ ਸਾਲ 26 ਤੋਂ 28 ਸਤੰਬਰ ਤੱਕ ਜਾਪਾਨ ਦੇ ਦੌਰੇ 'ਤੇ ਸਭ ਤੋਂ ਘੱਟ 23,86,536 ਰੁਪਏ ਖਰਚੇ ਗਏ।
ਮੁਰਲੀਧਰਨ ਨੇ ਕਿਹਾ ਕਿ ਅਜਿਹੇ ਦੌਰਿਆਂ ਨੇ ਉੱਚ ਪੱਧਰ 'ਤੇ ਵਿਦੇਸ਼ੀ ਭਾਈਵਾਲਾਂ ਵਿਚਕਾਰ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਭਾਰਤ ਦੇ ਸਟੈਂਡ ਦੀ ਸਮਝ ਨੂੰ ਉਤਸ਼ਾਹਿਤ ਕੀਤਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਦਾ ਉਦੇਸ਼ ਦੂਜੇ ਦੇਸ਼ਾਂ ਨਾਲ ਨੇੜਲੇ ਸਬੰਧਾਂ ਨੂੰ ਵਧਾਉਣਾ ਅਤੇ ਖੇਤਰੀ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਹੈ।